ਬੰਦ ਹੈ
ਧਰਮ ਦੇ ਨਾਂ ਤੇ
ਬੰਦ ਹੈ ਅੱਜ
ਹੁਣੇ ਘਰਾਂ ’ਚੋਂ ਨਿਕਲਣਗੀਆਂ
ਭੂਤਰੀਆਂ ਹੋਈਆਂ ਭੀੜਾਂ
ਧਰਮ ਦੇ ਨਾਂ ਤੇ
ਨਾਅਰੇ ਮਾਰਦੀਆਂ
ਨੰਗੀਆਂ ਤਲਵਾਰਾਂ
ਹਵਾ ’ਚ ਲਹਿਰਾਉਂਦੀਆਂ
ਆਮ ਆਦਮੀ ਨੂੰ ਡਰਾਉਂਦੀਆਂ
ਹੁਣੇ ਸੜਕਾਂ ਤੇ
ਦਨਦਨਾਉਣਗੀਆਂ ਭੀੜਾਂ
ਰੋਟੀ ਦੇ ਡੱਬੇ ਲਈ
ਕੰਮ ਤੇ ਜਾ ਰਹੇ
ਆਮ ਆਦਮੀ ਸਹਿਮ ਜਾਣਗੇ
ਡਰ ਜਾਣਗੇ
ਸਕੂਲ ਜਾ ਰਹੇ ਬੱਚੇ
ਖੁੱਲ੍ਹੀਆਂ ਦੁਕਾਨਾਂ ਦੇ
ਸ਼ੀਸ਼ੇ ਤੋੜਦਿਆਂ
ਪੱਥਰ ਮਾਰਦੀਆਂ
ਨਿਹੱਥਿਆਂ ਨੂੰ ਵੰਗਾਰਦੀਆਂ
ਹੁਣੇ ਹੀ ਨਿਕਲਣਗੀਆਂ
ਘਰਾਂ ’ਚੋਂ ਭੂਤਰੀਆਂ ਹੋਈਆਂ ਭੀੜਾਂ
ਇਹ ਭੀੜਾਂ
ਰਾਹ ਜਾਂਦੇ ਬੰਦਿਆਂ ਨੂੰ ਮਾਰਨਗੀਆਂ
ਬਜ਼ੁਰਗਾਂ ਦੀ ਦਾੜ੍ਹੀ ਨੂੰ
ਹੱਥ ਪਾਉਣਗੀਆਂ
ਔਰਤਾਂ ਨੂੰ ਬੇਪੱਤ ਕਰਨਗੀਆਂ
ਵਾਹਨਾਂ ਨੂੰ ਸਾੜਨਗੀਆਂ
ਘਰਾਂ ਨੂੰ ਉਜਾੜਨਗੀਆਂ
ਅੱਜ ਇਹ ਭੀੜਾਂ
ਬੰਦਿਆਂ ਵਾਂਗ ਨਹੀਂ
ਜਾਨਵਰਾਂ ਤੋਂ ਵੀ
ਖ਼ਤਰਨਾਕ ਰੂਪ ਵਿੱਚ
ਚਿੰਘਾੜਨਗੀਆਂ
ਅੰਬਰਾਂ ਤੀਕ ਗੂੰਜਣਗੇ
ਧਰਮ ਨੂੰ ਬਚਾਉਣ ਦੇ ਨਾਹਰੇ
ਵੱਟਿਆਂ ਨਾਲ ਜ਼ਖ਼ਮੀ ਹੋਏ
ਆਮ ਆਦਮੀ
ਭੱਜਣਗੇ
ਓਹਲਾ ਲੱਭਣਗੇ ਵਿਚਾਰੇ
ਪਰ ਸੜਕਾਂ ਤੇ
ਬੇਲਗ਼ਾਮ ਭੀੜਾਂ ਤੋਂ ਬਿਨਾਂ
ਕੁਝ ਵੀ ਨਹੀਂ ਹੋਏਗਾ
ਤਾਕਤ ਦੀ ਦੇਖ ਰੇਖ ’ਚ
ਹੁੰਦਾ ਤਮਾਸ਼ਾ ਦੇਖ ਕੇ
ਜੰਗਲ ਵੀ ਰੋਏਗਾ
ਭੂਤਰੀਆਂ ਭੀੜਾਂ ਨੂੰ ਰੋਕਣ ਵਾਲਾ
ਸ਼ਹਿਰ ਵਿੱਚ ਕੋਈ ਨਹੀਂ ਹੋਏਗਾ
ਅੱਜ ਸਾਰਾ ਦਿਨ ਸ਼ਹਿਰ ਵਿੱਚ
ਲੋਕ-ਰਾਜ ਨਹੀਂ
ਜੰਗਲ-ਰਾਜ ਹੋਏਗਾ।