ਜੰਗਲ ਵਿੱਚ

ਮਰਨ ਨੂੰ ਛੋਟੇ ਛੋਟੇ ਜਾਨਵਰ ਸਨ

ਜਾਂ ਨਿੱਕੀਆਂ ਨਿੱਕੀਆਂ ਚਿੜੀਆਂ ਕਾਂ 

ਉਹਨਾਂ ਦੀਆਂ ਰਾਤਾਂ ਰੂਹਾਂ ਬੇਚੈਨ ਸਨ

ਉਹ ਕਿਸੇ ਨੂੰ ਕੁਝ ਨਾ ਕਹਿੰਦੀਆਂ

ਆਪਣੇ ਗੀਤ ਅਲਾਪਦੀਆਂ

ਚੀਂ ਚੀਂ ਕਰਨ ਕਦੇ ਕਦੇ

ਜਦੋਂ ਮਰਜ਼ੀ ਜੰਗਲ ਦਾ ਰਾਜਾ 

ਬੁੱਢਾ ਸ਼ੇਰ ਉਹਨਾਂ ਨੂੰ ਝਪਟ ਕੇ ਖਾ ਜਾਇਆ ਕਰੇ

ਜ਼ਿੰਦਗੀਆਂ ਮੁੱਕਦੀਆਂ ਗਈਆਂ ਬੇਅਰਥ 

ਰਾਖ਼ ਹੋਈਆਂ ਸੱਧਰਾਂ 

ਤਿੜਕੇ ਸੁਪਨੇ 

ਕਦ ਜੁੜੇ 

ਨਾਲ ਦੀਆਂ ਚਿੜੀਆਂ ਸਹੇਲੀਆਂ 

ਹੋਰ ਨਿੱਕੇ ਨਿੱਕੇ ਪਰਿੰਦੇ ਬਾਂਦਰ ਕਾਂ 

ਕੁਰਲਾ ਪਿੱਟ ਪਿੱਟ

ਚੁੱਪ ਹੋ ਜਾਇਆ ਕਰਨ

ਸ਼ੇਰ ਦੀਆਂ ਨਿੱਤ ਦੀਆਂ ਵਧੀਕੀਆਂ ਤੇ

ਜ਼ਰਾ ਭਰ ਬੋਲਦੇ ਭੁੱਲ ਜਾਂਦੇ 

ਰਾਤਾਂ ਜਾਗਣ ਲੱਗੀਆਂ

ਦੁੱਖ ਰੋਣ ਲੱਗੇ

ਮੱਥੇ ਵਿਉਂਤਬੰਦੀ ਬਣਾਉਣ ਲੱਗੇ 

ਉਹਨਾਂ ਬਥੇਰੀਆਂ ਮਿਨਤਾਂ ਤਰਲੇ ਕੀਤੇ

ਬਈ ਰਾਜਾ ਵੱਡਿਆਂ ਨੂੰ ਹੱਥ ਪਾਇਆ ਕਰ

ਤੇਰਾ ਕੁਝ ਬਣੇ ਵੀ

ਸਾਡੇ ਮਾਸ ਨਾਲ ਤੇਰਾ ਕੀ ਬਣਦਾ ਹੈ

ਕਹਿੰਦਾ ,ਏ ਮੈਂ ਸੋਚਣਾ ਹੈ

ਮੇਰਾ ਰਾਜ ਹੈ

ਰਾਜਾ ਜੋ ਮਨਚਾਹੇ ਕਰ ਸਕਦਾ ਹੈ 

ਚਿੜੀਆਂ ਨੇ ਬਾਂਦਰਾਂ ਬਾਜ਼ਾਂ ਜੰਗਲੀ ਕੁੱਤਿਆਂ ਨੂੰ 

ਇਸ ਜ਼ੁਲਮ ਬਾਰੇ ਦੱਸਿਆ

ਸ਼ੇਰ ਦੇ ਦੋ ਸਾਥੀ ਹੋਰ ਵੀ ਸਨ

ਇਕ ਦਿਨ ਨਦੀ ਦੇ ਕਿਨਾਰੇ

ਉਹਨੇ ਜੰਗਲੀ ਕੁਤਿਆਂ ਨੂੰ 

ਪਾਣੀ ਪੀਣ ਤੋਂ ਰੋਕ ਦਿੱਤਾ

ਕਹਿੰਦਾ ਤੁਸੀਂ ਇਥੋਂ ਪਾਣੀ ਨਹੀਂ ਪੀ ਸਕਦੇ 

ਤੰਗ ਹੋਏ ਜੰਗਲੀ ਕੁੱਤੇ ਭੌਂਕੇ

ਜੰਗਲ ਦੇ ਸਾਰੇ ਜਾਨਵਰਾਂ ਨੇ ਇਕੱਠੇ ਹੋ 

ਸ਼ੇਰ ਤੇ ਹਮਲਾ ਕਰ ਦਿੱਤਾ

ਸ਼ੇਰ ਦੀ ਏਨੇ ਜਾਨਵਰਾਂ ਮੂਹਰੇ

ਪੇਸ਼ ਨਾ ਜਾਵੇ

ਉਹ ਟੁੱਟ ਟੁੱਟ ਪਵੇ ਕੁੱਤਿਆਂ ਬਾਜ਼ਾਂ ਕਾਂਵਾਂ ਤੇ ਸਾਰੇ ਜਾਨਵਰਾਂ

ਸ਼ੇਰ ਦੀ ਬੋਟੀ ਬੋਟੀ ਕਰ ਕੇ ਰੱਖ ਦਿੱਤੀ

ਮਿੰਟਾਂ ਵਿੱਚ 

ਚਿੜੀਆਂ ਵੀ ਚੁੰਝਾਂ ਮਾਰ ਗਈਆਂ 

ਇਹ ਘਟਨਾ ਅੱਖੀਂ ਦੇਖੀ ਹੈ

ਸਾਰੇ ਜਾਨਵਰਾਂ ਰਲਮਿਲ 

ਤਿੰਨੇ ਸ਼ੇਰ ਖਾ ਖਾ ਮੁਕਾ ਦਿੱਤੇ 

ਅੱਜ ਉਸ ਜੰਗਲ ਵਿੱਚ ਉਹਨਾਂ ਦਾ ਰਾਜ ਹੈ 

ਇਕੱਠੇ ਖੇਡਣ ਖਾਣ ਪੀਣ 

ਰੱਜ ਕੇ ਸੌਣ ਗਾਉਣ 

ਨੱਚਣ ਟੱਪਣ 

ਸੰਘਰਸ਼ ਮਿਲ ਕੇ ਸੁਪਨੇ ਲਿਖਦਾ ਹੈ

ਮੇਰਾ ਜੂਝਣਾਂ ਵੀ ਬਾਜ਼ਾਂ ਵਰਗਾ ਹੈ

ਕੁਝ ਚਿੜੀਆਂ ਜੇਹਾ

ਸ਼ੁਰੂਆਤ ਕੀਤੀ ਹੈ

ਤੁਸੀਂ ਬੈਠੇ ਦੇਖਦੇ ਵਿਚਾਰ ਰਹੇ ਹੋ

ਇਹ ਨਹੀਂ ਹੋਣਾ

ਕੀ ਕਰੀਏ ਸਾਡੇ ਬਸ ਦੀ ਗੱਲ ਨਹੀਂ 

ਕਈ ਤਾਂ ਹੱਸਣ 

ਮਖੌਲ ਕਰਨ

ਰਾਹ ਰੋਕਣ ਪੱਥਰ ਸੁੱਟਣ

ਮੈਂ ਸੱਭ ਤੱਕ ਰਿਹਾ ਹਾਂ

ਪਰਸੋਂ ਨੂੰ ਇਹਨਾਂ ਨੇ

ਮੇਰਾ ਫੋਨ ਕਿਸੇ ਤੋਂ ਪੁੱਛਦੇ ਫਿਰਨਾ

ਘਰ ਦਾ ਸਿਰਨਾਵਾਂ ਲੱਭਣਾ 

ਸਲਾਹਾਂ ਦੇਣ ਨੂੰ ਆਪ ਆਉਣਗੇ

ਸਮਾਂ ਕੱਢ ਕੱਢ ਕੇ 

ਏਦਾਂ ਹੀ ਸਮਾਂ ਆਉਂਦਾ ਹੈ 

ਵਾ ਬਣ ਕੇ ਕੋਲੋਂ ਦੀ ਹੋ ਲੰਘ ਜਾਂਦਾ ਹੈ 

ਬਸ ਸਿਰਫ਼ ਦੱਬੇ ਕੁਚਲੇ ਜਾ ਰਹੇ

ਲੋਕਾਂ ਦੇ ਹੀ ਹੁੰਦਾ ਹੈ 

ਉਹੀ ਗਲਤੀ ਕਰ  

ਪਿੱਛਿਓਂ ਰੋਂਦੇ ਨੇ

ਪਰ ਵਿਚਾਰੇ 

ਘਰਾਂ ਨੂੰ ਪਰਤ ਆਉਂਦੇ ਹਨ ਥੱਕੇ ਹਾਰੇ

ਦੁੱਖ ਤੰਗੀਆਂ ਤੁਰਸ਼ੀਆਂ ਥੁੜ੍ਹਾਂ ਝੋਰਿਆਂ ਨਾਲ 

ਪੇਟ ਭਰ ਸੌਂ ਜਾਂਦੇ  

ਸਵੇਰ ਨੂੰ ਦਿਹਾੜੀ 

ਲਾਉਣ ਲਈ ਤਿਆਰ 

ਹੌਲੀ ਹੌਲੀ ਚਲਦੇ

ਜੇਬਾਂ ਵਿੱਚ ਮੁੱਠ ਅਰਮਾਨ ਲੈ 

ਕਿਤੇ ਸੜਕ ਕਿਨਾਰੇ ਹਾਦਸੇ ਵਿੱਚ

ਆਪਣੇ ਹੀ ਸਾਹ ਵਿਛਾ 

ਸਦਾ ਲਈ ਸੌਂ ਜਾਂਦੇ ਹਨ 

ਦੁਨੀਆਂ ਡਰਦੀ

ਨੇੜਿਉਂ ਦੀ ਗੁਜ਼ਰ ਜਾਵੇ 

ਕੁਦਰਤ ਦਾ ਜੋ ਭਾਣਾ ਸੀ ਹੋ ਗਿਆ 

ਅਫਸੋਸਿਆ ਜਿਹਾ ਮੂੰਹ ਬਣਾ

ਦੋ ਹੰਝੂ ਕੇਰ ਤੁਰ ਜਾਣ 

ਝੋਲਿਆਂ ਵਿਚ ਖਾਲੀ ਰੋਟੀ ਵਾਲੇ ਡੱਬੇ ਖੜਕਾਉਂਦੇ

ਪਰ ਉਹਨਾਂ ਡੱਬਿਆਂ ਦੀ ਅਵਾਜ਼ ਅੰਬਰਾਂ ਤੱਕ ਜਾਵੇ 

ਸੁੱਤੇ ਸੂਰਜ ਨੂੰ ਜਗਾਵੇ 

ਜਿਹੜਾ ਜ਼ਿਮੇਂਵਾਰ ਸੀ ਉਹਨੂੰ ਨਹੀਂ ਘੇਰਦੇ

ਛੱਡੋ ਪਰੇ ਆਪਾਂ ਕੀ ਲੈਣਾ 

ਚੀਂ ਚੀਂ ਕਰਦੇ ਟੁੱਟੇ ਪੈਡਲ ਮਾਰਦੇ 

ਸਾਈਕਲਾਂ 'ਤੇ ਘਰ ਪਹੁੰਚ ਜਾਂਦੇ ਹਨ

ਸੋਚਾਂ ਹੁੰਦਾ ਹੈ 

ਮਾੜਾ ਹੋਇਆ ਵਿਚਾਰੇ ਨਾਲ 

ਯੂਕਰੇਨ ਕੋਈ ਇੱਕ ਹੀ ਹੁੰਦਾ ਹੈ 

ਅੜ੍ਹਦਾ ਲੜਦਾ 

ਲੋਕਾਂ ਨੇ ਹੀ ਪੁਲੀ ਥੱਲਿਉਂ

ਕੱਢ ਕੇ ਗਦਾਫ਼ੀ ਦੀ ਖ਼ਬਰ ਲਈ ਸੀ

ਟੰਗਿਆ ਸੀ ਸ਼ਾਹ ਹੁਸੈਨ ਲੋਕਾਂ ਨੇ ਹੀ 

ਲੋਕ ਅਵਾਜ਼ 

ਬਹੁਤ ਮਹਾਨ ਹੁੰਦੀ ਹੈ 

ਜੇ ਕਿਤੇ ਇੱਕ ਕਿਸਾਨ ਅੰਦੋਲਨ ਬਣ

ਬੁਲੰਦ ਹੋ ਜਾਵੇ

ਸਾਰੀ ਉਮਰ ਚਾਕਰੀ ਕਰ

ਹੱਡ ਤੁੜਾ ਡੰਡੌਤ ਕਰੀ ਜਾਣੀ 

ਪੈਨਸ਼ਨਾਂ ਕਢਾ ਖਰਚ ਲੈਣਾ

ਕੇਹੀ ਜ਼ਿੰਦਗੀ 

ਕਿਹੜਾ ਲੁਤਫ਼ ਦਾਲ਼ ਪਾਣੀ ਦਾ

ਮੈਂ ਨਹੀਂ ਕਹਿੰਦਾ ਮੇਰੀ ਕਵਿਤਾ ਪੜ੍ਹੋ 

ਲੇਖ ਕਿਤਾਬ ਪੜ੍ਹਨ ਨੂੰ ਕਦ ਕਿਹਾ

ਜ਼ਰਾ ਆਪਣੀ ਉਮਰ ਦੇ ਵਰਕੇ 

ਤਾਂ ਥੱਲ ਕੇ ਪੜ੍ਹ ਲਵੋ 

ਕਿਸੇ ਦੇ ਨਾ ਸਹੀ

ਆਪਣੇ ਅੰਦਰ ਤਾਂ ਜਾਂਦੇ ਜਾਂਦੇ ਵੜ ਲਵੋ

ਦੋ ਨਹੀਂ 

ਤਾਂ ਇਕ ਸੁਪਨਾ ਤਾਂ ਸਰ ਕਰ ਲਵੋ

📝 ਸੋਧ ਲਈ ਭੇਜੋ