ਸੀ ਮੈਨੂੰ ਵੀ ਉਸ ਦੀ ਭਾਲ

ਜਿਸ ਦੇ ਆਖੇ ਲਗ ਕੇ ਚੱਲਣ 

ਦਿਹੁੰ ਮਹੀਨੇ ਸਾਲ

ਮੇਰੇ ਬੁਰੇ ਨਛੱਤਰਾਂ ਦੀ ਜੋ 

ਮਾਤ ਕਰੇ ਹਰ ਚਾਲ

ਜੋ ਅਨੰਤ ਨੂੰ ਨਜ਼ਰਾਂ ਦੇ ਜਾਦੂ ਵਿਚ ਬੰਨ੍ਹੇ 

ਇਕੋ ਸੈਨਤ ਨਾਲ

ਹਰ ਛੁਹ ਹੋਵੇ ਸੱਜਰਾ ਕੌਤਕ 

ਹਰ ਗੱਲ ਨਵਾਂ ਕਮਾਲ

ਅਜਬ ਅਨੰਦ ਜਿਦ੍ਹੀ ਗਲਵਕੜੀ 

ਜਿੰਦ ਨੂੰ ਕਰੇ ਨਿਹਾਲ 

ਸੀ ਮੈਨੂੰ ਵੀ ਉਸ ਦੀ ਭਾਲ

ਪੁੱਛਣ ਬਾਂਝ ਪਛਾਣੇ ਦਿਲ ਦੀ 

ਰੂਹ ਦੀ ਨ੍ਹੇਰੀ ਗੁਫਾ 'ਚ ਗੁੱਝੇ 

ਸਹਿਮੇ ਹੋਏ ਹਰ ਜਜ਼ਬੇ ਨੂੰ 

ਅਚਨਚੇਤ ਬੋਲਾਂ ਬਿਨ ਬੁੱਝੇ 

ਜਿਸ ਦੀ ਸੂਖ਼ਮ ਸੋਝੀ ਤਾਈਂ 

ਸੁਹਜਾਂ ਦੇ ਸਿਖ਼ਰਾਂ ਦੀ ਸੁੱਝੇ 

ਜਿਸ ਦੀ ਮਹਿਕ-ਮੁਸਕਣੀ ਰੱਖੇ 

ਰਾਤ ਦਿਹੁੰ ਰੀਝਾਂ ਵਿਚ ਰੁੱਝੇ 

ਜਿਸ ਦੀ ਹੁਸਨ ਤਰੰਗ ਵਿਚ ਬੁੱਝੇ 

ਜ਼ਿੰਦਗਾਨੀ ਦਾ ਤਾਲ 

ਸੀ ਮੈਨੂੰ ਵੀ ਉਸ ਦੀ ਭਾਲ

ਝੋਲੀ ਵਿਚ ਡਿੱਗਣ ਪ੍ਰਭਾਤਾਂ 

ਜਿਸ ਦੇ ਗੋਰੇ ਮੂੰਹ ਨੂੰ ਚੁੰਮਿਆਂ 

ਜਿਸ ਦੀ ਹਰ ਛੁਹ ਫੇਰ ਜਗਾਵੇ 

ਜਿਸਮ 'ਚ ਜਾਦੂ ਗੁੰਮਿਆਂ ਸੁੰਮਿਆ

ਜਿਸ ਦੀਆਂ ਅੱਖਾਂ ਵਿਚ ਝਾਕ ਕੇ 

ਜਾਪੇ ਇਹ ਬ੍ਰਹਿਮੰਡ ਹੈ ਘੁੰਮਿਆ 

ਜਿਸ ਦੀ ਤੱਕਣੀ ਵਿਚੋਂ ਲੱਭੇ 

ਮੈਨੂੰ ਆਪਣਾ ਆਪਾ ਗੁੰਮਿਆ 

ਜਿਸ ਦੇ ਸਦਕੇ ਜਗ-ਰਚਨਾ ਦਾ 

ਹੋਵਾਂ ਭਾਈਵਾਲ

ਸੀ ਮੈਨੂੰ ਵੀ ਉਸ ਦੀ ਭਾਲ

ਆਪਣੇ ਪਿਆਰ 'ਚ ਡੋਬਾ ਦੇ ਕੇ 

ਇਸ ਮਿੱਟੀ ਦੀ ਕਾਲਖ ਧੋਵੇ

ਜੱਗ ਦੀਆਂ ਤੁਹਮਤ-ਮਾਰਾਂ ਕੋਲੋਂ 

ਮੇਰੇ ਸਾਰੇ ਐਬ ਲਕੋਵੇ 

ਹਰ ਕੱਕਰ ਝੱਖੜ ਝਾਂਜੇ ਤੋਂ 

ਉਸ ਦੀ ਨਿੱਘੀ ਬੁੱਕਲ ਹੋਵੇ 

ਆਪਣੇ ਵਿਚ ਰਚਾਵੇ ਮੈਨੂੰ 

ਤੇ ਖ਼ੁਦ ਮੇਰੇ ਵਿਚ ਸਮੋਵੇ 

ਜਿਸ ਦੇ ਨਾਲ ਵਸੇਬਾ ਹੁੰਦਾ 

ਜੂਨ ਦਾ ਹੱਲ ਸਵਾਲ 

ਸੀ ਮੈਨੂੰ ਵੀ ਉਸ ਦੀ ਭਾਲ

ਜੋ ਰੱਬ ਜੇਹੀ ਸੱਤਾ ਲੈ ਕੇ 

ਇਸ ਹਸਤੀ ਦਾ ਸੱਤ ਹੋ ਜਾਂਦੀ 

ਕਿਸੇ ਕਲਪਨਾ ਦੇਸ਼ 'ਚੋਂ ਕੇ 

ਮੇਰੀ ਅਸਲੀਅਤ ਹੋ ਜਾਂਦੀ 

ਦੈਵੀ ਚਾਨਣ-ਕਿਰਨਾਂ ਦੀ ਮੁੱਠ 

ਇਸ ਜੀਵਨ ਦਾ ਤੱਤ ਹੋ ਜਾਂਦੀ 

ਜਿਸ ਦੇ ਪਿਆਰ-ਤਰੱਕਲੇ ਉੱਤੇ 

ਉਮਰ ਦੀ ਪੂਣੀ ਕੱਤ ਹੋ ਜਾਂਦੀ 

ਜਿਸ ਦਾ ਮਿਲਣ ਨਾਮੁਮਕਿਨ ਸੀ 

ਜਾਂ ਫਿਰ ਬਹੁਤ ਮੁਹਾਲ 

ਸੀ ਮੈਨੂੰ ਵੀ ਉਸ ਦੀ ਭਾਲ।

📝 ਸੋਧ ਲਈ ਭੇਜੋ