ਕਾਫ਼-ਕਰ ਕਰ ਜ਼ਾਰੀਆਂ ਥੱਕੀਆਂ ਮੈਂ

ਕਾਫ਼-ਕਰ ਕਰ ਜ਼ਾਰੀਆਂ ਥੱਕੀਆਂ ਮੈਂ

ਉਸ ਰੁੱਠੜੇ ਯਾਰ ਮੰਨਾਵਣ ਨੂੰ ।

ਉਸ ਦਿਲ ਦੀ ਬਸਤੀ ਨੂਰ ਨਜ਼ਰ ਦੀ

ਗਲੀਆਂ ਵਾਟ ਸੁਹਾਵਣ ਨੂੰ ।

ਉਸ ਗਲੀਆਂ ਰੰਗ ਸੁਟਾਵਣ ਨੂੰ

ਉਸ ਧੜ ਧੜ ਜੀ ਬਣਾਵਣ ਨੂੰ ।

ਉਸ ਗਲ ਵਿੱਚ ਬਾਂਹ ਵਲਾਵਣ ਨੂੰ

ਦਿਲ ਬਿਜਲੀ ਵਾਂਗ ਵਲਾਵਣ ਨੂੰ ।

ਉਸ ਹੱਸਣ ਵੈਣ ਅਲਾਵਣ ਨੂੰ

ਵਿੱਚ ਆਬਿ-ਹੱਯਾਤ ਲੁੜਾਵਣ ਨੂੰ ।

ਉਸ ਹੱਸ ਹੱਸ ਰੱਤ ਰੁੜ੍ਹਾਵਣ ਨੂੰ

ਵਤ ਗਾਹਲੀਂ ਨਾਲ ਹਸਾਵਣ ਨੂੰ ।

ਉਸ ਤੇਗ ਦੀ ਆਬ ਛਿਕਾਵਣ ਨੂੰ

ਕੋਈ ਆਬਿ-ਹੱਯਾਤ ਪਿਵਾਵਣ ਨੂੰ ।

ਉਸ ਗਲ ਤੇ ਤੇਗ ਵਹਾਵਣ ਨੂੰ

ਕੀ ਕਹਣਾ ਕੂਕ ਵਿਹਾਵਣ ਨੂੰ ।

ਉਸ ਨਿਤ-ਨਿਤ ਆਸ਼ਿਕ ਮਾਰਨ ਨੂੰ

ਉਸ ਵਲ ਵਲ ਫੇਰ ਜਿਵਾਵਣ ਨੂੰ ।

ਅਤੇ ਮੈਂ ਹਾਰ ਸ਼ਿੰਗਾਰ ਬਣਾਵਣ ਨੂੰ

ਨਿਤ-ਨਿਤ ਕਰ ਕਰ ਭੇਸ ਵਿਖਾਵਣ ਨੂੰ ।

ਨੈਣੀਂ ਮੈਂ ਕੱਜਲ ਪਾਏ ਰਹੀ

ਲਾ ਮਿਸੀ ਮਿਸਾਕ ਠਕਾਵਣ ਨੂੰ ।

ਹੁਣ ਭੜਕ ਲੱਗੀ ਵਾਂਗ ਬਿਜਲੀ ਦੇ

ਆ ਵੱਸ ਵੇ ਮੀਂਹ ਬੁਝਾਵਣ ਨੂੰ ।

ਬਿਜਲੀ ਹੱਥਾਂ ਨਾਲ ਬੁਝਾਵਣ ਨੂੰ

ਕੁਝ ਹੱਥਾਂ ਨਾਲ ਬੁਝਾਵਣ ਨੂੰ ।

ਯਾਨੀ ਢੋਲਣ ਛਾਤੀ ਲਾਵਣ ਨੂੰ

ਕਿ ਖੋਲ੍ਹ ਤਨੀ ਗਲ ਲਾਵਣ ਨੂੰ ।

ਹੁਣ ਅੱਖੀਆਂ ਲਾਈਆਂ ਸਾਵਣ ਨੂੰ

ਮੈਂ ਕੋਇਲ ਵਾਂਗ ਕੁਰਲਾਵਣ ਨੂੰ ।

ਭੀ ਹੈਦਰ ਲਾਹ ਸਾਵਣ ਨੂੰ,

ਕਿਵੇਂ ਆਵੇਂ ਫੇਰ ਵਸਾਵਣ ਨੂੰ ।੧੦।

📝 ਸੋਧ ਲਈ ਭੇਜੋ