ਕਾਫ-ਕੀ ਜਾਣਾ ਨੇਹੁੰ ਕਿਵੇਹਾ

ਕਾਫ-ਕੀ ਜਾਣਾ ਨੇਹੁੰ ਕਿਵੇਹਾ,

ਥੀਂਦਾ ਕੌਣ ਬਲਾ ਵਲੇ ।

ਜ਼ੁਲਫ਼ ਦੀ ਫਾਹੀ ਤੇ ਖਾਲ ਦਾ ਦਾਨਾ,

ਲਇਆ ਸੂ ਜੀਉ ਫਾਹ ਵਲੇ ।

ਅੱਲਾ ਹੋ ਅਕਬਰ ਤੇਗ ਨਿਗਾਹ ਦੀ,

ਕੁੱਠੜਾ ਨੇ ਮੈਨੂੰ ਚਾ ਵਲੇ ।

ਅਲੀ ਹੈਦਰ ਭੁੰਨ ਕਬਾਬ ਕੀਤੋਈ,

ਇਸ਼ਕੇ ਦੀ ਆਤਿਸ਼ ਲਾ ਵਲੇ ।੨੨।

ਕਾਫ-ਕੁਝ ਨਾ ਸੀ ਕੁਨ ਕੰਨ ਪਇਆ,

ਮਥਾ ਕੁਝ ਕਨਫ ਯਕੂਨ ਥੀਆ ।

ਕੁਨ ਦੀ ਕਾਫ ਸੀ ਖੂੰਡੀ ਹੋਈ

ਤੇ ਖੂੰਡੀ ਦਾ ਸਿਰ ਤੂੰ ਥੀਆ ।

ਕੁਨ ਭੀ ਆਹਾ ਤੇ ਕਣ ਮੀਂਹ ਭੀ,

ਕਣ ਕਣ ਗੋਨਾ-ਗੂਨ ਥੀਆ ।

ਵੱਜਿਆ ਮਾਰੂ ਇਸ਼ਕੇ ਵਾਲਾ,

ਸੁਧ ਬੁਧ ਹੋਸ਼ ਜਨੂਨ ਥੀਆ ।

ਆਈ ਲੈਲਾ ਇਹ ਜਿੰਦ ਮੈਂਡੇ,

ਕੇਸ ਖਲਾ ਮਜਨੂੰ ਥੀਆ ।

ਤੇਸਾ ਢਇਆ ਸੁਖਨ ਸ਼ੀਰੀਂ

ਫਰਹਾਦ ਨਿਮਾਨੜਾ ਖੂਨ ਥੀਆ ।

ਸਾਹਿਬਾਂ ਨੂੰ ਲੈ ਮਿਰਜ਼ਾ ਜਾਂਦਾ,

ਜ਼ੀਦਾ ਸ਼ਾਨ ਜ਼ਬੂਨ ਥੀਆ ।

ਕਲੀਏ ਪੁਲਾ ਸ਼ੀਰੀਨੀ ਸ਼ਰਬਤ,

ਫਹਿਆਂ ਉੱਤੇ ਲੂਨ ਥੀਆ ।

ਸਾਰੇ ਆਸ਼ਿਕ ਕੁੱਠੇ ਵੇ ਹੈਦਰ,

ਜਾਣ ਸੈ ਕੁਨ ਫਾ' ਕੂਨ ਥੀਆ ।

📝 ਸੋਧ ਲਈ ਭੇਜੋ