ਕਾਫ਼-ਕੇਹੀ ਕੱਪੜ ਉੱਤੇ ਘੱਤੀਆਂ

ਕਾਫ਼-ਕੇਹੀ ਕੱਪੜ ਉੱਤੇ ਘੱਤੀਆਂ

ਮਨ ਮੇਰਾ ਮਾਹੀ ਕੂਕਦਾ ਈ ।

ਉਹ ਸਰਵ ਸਹੀ ਤੇ ਬਾਗ ਚਮਨ ਵਿੱਚ

ਸਰੇ ਵਾਂਗਰ ਘੂਕਦਾ ਈ ।

ਵੇਖਾਂ ਕੈਸਾ ਘਾੜ ਘੜੇਂਦੇ ਓਥੇ

ਭਾਹ ਸੁਨਾਰਾ ਫੂਕਦਾ ਈ ।

ਹੀਰੇ ਨੂੰ ਜ਼ਬਾਨੀ ਸ਼ਾਇਦ

ਅੱਜ ਲਦਾਨਾ ਝੋਕਦਾ ਈ ।

ਅੱਜ ਪਾਰ ਝਨਾਵੀਂ ਮਾਹੀ ਸ਼ਾਇਦ

ਮਹੀਂ ਮੰਗੂ ਹੂਕਦਾ ਈ ।

ਹੈ ਹੈ ਉਲਟ ਪਇਆ ਗਲ ਹੀਰ ਦੇ

ਨਰ ਸ਼ੇਰ ਵਾਂਗਰ ਸ਼ੂਕਦਾ ਈ ।

ਆਪੇ ਪੀਵੇ ਜਾਵੇ ਕਰੇ ਵਿਹਾਣੇ

ਕੇਹਿਆਂ ਵਿਸਾਹ ਇਸ ਲੋਕ ਦਾ ਈ ।

ਆਪ ਚੋਰ ਦਿਲੀਂ ਦਾ ਹੈਦਰ,

ਅਸਾਂ ਤੇ ਨਾਵਾਂ ਭੋਕਦਾ ਈ ।੧੫।

📝 ਸੋਧ ਲਈ ਭੇਜੋ