ਕਾਫੀ ਜ਼ਿਆਦਾ

ਅਸੀਂ ਵੀ ਅੱਗੇ ਵਧੇ ਹਾਂ ਲਗਾਤਾਰ 

ਔਖਾ ਸਫ਼ਰ ਅੱਧੀ ਸਦੀ ਦਾ

ਐਵੇਂ ਨਹੀਂ ਸਫਲਤਾਵਾਂ ਸਾਡੀਆਂ ਵੀ 

ਇਹ ਸਗੋਂ ਕਾਫੀ ਜ਼ਿਆਦਾ

ਇਸ ਘੜੀ ਕੀ ਗਿਣਾਈਏ

ਜਾਣਦਾ ਹੈ ਜੱਗ ਸਾਰਾ

ਵਸੋਂ ਦੀ ਵਾਧਾ ਗਤੀ, ਕਾਫੀ ਜ਼ਿਆਦਾ 

ਸੰਖਿਆ ਅਨਪੜ੍ਹਾਂ ਦੀ, ਕਾਫੀ ਜ਼ਿਆਦਾ 

ਹਰ ਦੁਖੀ ਦਾ ਦੁੱਖ ਹੈ, ਕਾਫੀ ਜ਼ਿਆਦਾ 

ਭੁੱਖਿਆਂ ਦੀ ਭੁੱਖ ਹੈ, ਕਾਫੀ ਜ਼ਿਆਦਾ 

ਰੋਜਿਆਂ ਦੀ ਛੱਡੀ ਜੂਠ ਹੈ, ਕਾਫੀ ਜ਼ਿਆਦਾ 

ਦੰਭ, ਧੋਖਾ, ਝੂਠ ਹੈ, ਕਾਫੀ ਜ਼ਿਆਦਾ 

ਹੁੰਦੀ ਹੈ ਤੀਰਥ ਯਾਤਰਾ, ਕਾਫੀ ਜ਼ਿਆਦਾ 

ਕਾਲੇ ਧਨ ਦੀ ਮਾਤਰਾ, ਕਾਫੀ ਜ਼ਿਆਦਾ

ਧਰਮ ਦੇ ਨਾਂ ’ਤੇ ਹੈ ਹੁੰਦਾ 

ਦਾਨ ਵੀ, ਕਾਫੀ ਜ਼ਿਆਦਾ 

ਮਹਾਂਨਗਰ ਦੀ ਪੰਜ ਤਾਰਾ 

ਸ਼ਾਨ ਵੀ, ਕਾਫੀ ਜ਼ਿਆਦਾ 

ਆਪਣੀ ਪੁਰਾਤਨ ਸਭਿਅਤਾ ਦਾ 

ਭਰਮ ਵੀ, ਕਾਫੀ ਜ਼ਿਆਦਾ 

ਪੱਛਮੀ ਧੁਨਾਂ ’ਤੇ ਥਿਰਕਦੇ ਨੇ 

ਕਦਮ ਵੀ, ਕਾਫੀ ਜ਼ਿਆਦਾ

ਬੰਬ ਧਮਾਕੇ ਕਰਨ ਦਾ ਹੈ 

ਮਾਣ ਵੀ, ਕਾਫੀ ਜ਼ਿਆਦਾ, 

ਅਮਨ ਦੀ ਰਾਖੀ ਲਈ ਹੈ 

ਤਾਣ ਵੀ, ਕਾਫੀ ਜ਼ਿਆਦਾ 

ਹੱਥੋਪਾਈ ਰੋਜ਼ ਹੋਣਾ ਸਭ ਅੰਦਰ 

ਸਾਂਝੇ ਟੱਬਰ ਦੀ ਨਿਰਾਲੀ ਸ਼ਾਨ ਹੈ

ਕੌਣ ਕਹਿੰਦਾ ਲੋਕਤੰਤਰ ਹੋ ਗਿਆ ਕਮਜ਼ੋਰ

ਏਸ ਵਿਚ ਹਾਲੇ ਬਥੇਰੀ ਜਾਨ ਹੈ

ਜੋ ਵੀ ਕੁਝ ਜਿੱਦਾਂ ਵੀ ਚੱਲੇ 

ਗ਼ਲਤ ਨਹੀਂ ਸਭ ਠੀਕ ਹੈ 

ਆਰਜ਼ੀ ਦਾਅਵੇ ਨਾ ਸਾਡੇ 

ਮਾਰ ਦਿੱਤੀ ਪੱਥਰਾਂ 'ਤੇ ਲੀਕ ਹੈ।

📝 ਸੋਧ ਲਈ ਭੇਜੋ