ਸੋਹਣੀ
ਮੇਰੇ ਨਾਲ ਕਰਦਾ ਕਾਹਨੂੰ ਕਚਿਆਂ ਦੀ ਚਾਲ ਘੜਿਆ
ਵਾਸਤੇ ਖੁਦਾ ਦੇ ਮੈਨੂੰ ਮੇਲ ਮਹੀਂਵਾਲ ਘੜਿਆ
ਘੜਾ ਜਵਾਬ
ਜ਼ੋਰ ਤੇ ਝਨਾਂ ਦਾ ਪਾਣੀ ਕਚਾ ਮੈਂ ਸਦਾਵਾਂ ਸੋਹਣੀ
ਹੰਝੂ ਹੁਕਮ ਰਬ ਦੇ ਮੈਂ ਕਿਦਾਂ ਲੰਘ ਜਾਵਾਂ ਸੋਹਣੀ
ਸੋਹਣੀ
ਭਾਵੇਂ ਹੈ ਉਚੱਕਾ ਤੂਹੀ ਮੇਰਾ ਅਜ ਸਕਾ ਤੂਹੀ
ਕਚਾ ਨਹੀਂ ਪਕਾ ਤੂਹੀ ਜਾਣਾ ਤੇਰੇ ਨਾਲ ਘੜਿਆ
ਘੜਾ
ਜੇ ਮੈਂ ਤੇਰੇ ਨਾਲ ਮਰਸਾਂ ਅਪਣੀ ਨਜਾਤ ਕਰਸਾਂ
ਡੁਬਕੇ ਅਖੀਰੀ ਤਰਸਾਂ ਮਕਸਦ ਪਾਵਾਂ ਸੋਹਣੀ
ਸੋਹਣੀ
ਸਾਂਗ ਥੀਂ ਬਨਾਯਾ ਜੇਹੜਾ ਠਗ ਲਿਆ ਦਿਲ ਮੇਰਾ
ਭੁਲ ਗਈ ਮੈਂ ਦੇਖ ਤੇਰਾ ਪਕਾ ਰੰਗ ਲਾਲ ਘੜਿਆ
ਘੜਾ
ਕਚਾ ਲਾਜਵਾਬ ਹੁੰਦਾ ਨਦੀ 'ਚ ਗ਼ਰਕਾਬ ਹੁੰਦਾ
ਅਸਲਾ ਖਰਾਬ ਹੁੰਦਾ ਕੰਢੇ ਜੇ ਮੈਂ ਲਾਵਾਂ ਸੋਹਣੀ
ਸੋਹਣੀ
ਪੂਰੀ ਮੇਰੀ ਬਾਤ ਹੋਵੇ ਯਾਰ ਵਾਲੀ ਝਾਤ ਹੋਵੇ
ਤੇਰੀ ਬੀ ਨਜਾਤ ਹੋਵੇ ਆਸ਼ਕਾਂ ਦੇ ਨਾਲ ਘੜਿਆ
ਘੜਾ
ਕਚੇ ਪਾਰ ਨਾ ਲਗਾਂਵਦੇ ਸਗੋਂ ਨਦੀ ਵਿਚ ਰੁੜ੍ਹਾਂਵਦੇ
ਕਚੇ ਆਖਰ ਕਚ ਪਾਂਵਦੇ ਸਚ ਮੈਂ ਸੁਣਾਵਾਂ ਸੋਹਣੀਏਂ
ਸੋਹਣੀ
ਹਸ਼ਮਤ ਸ਼ਾਹ ਜਾਂ ਮੌਤ ਛਾਵੇ ਸੋਹਣੀ ਉਚੀ ਰੋ ਸੁਣਾਵੇ
ਮੇਰਾ ਮਹੀਂਵਾਲ ਆਵੇ ਦੇਖੇ ਮੇਰਾ ਹਾਲ ਘੜਿਆ