ਕਾਲ਼ੇ ਚਿੱਟੇ ਲਾਲ ਪਖੇਰੂ
ਦਿਨ ਮਹੀਨੇ ਸਾਲ ਪਖੇਰੂ
ਕਰਦੇ ਰਹੇ ਨੇਂ ਕਰਦੇ ਪਏ ਨੇਂ
ਸਾਵੀ ਰੁੱਤ ਦੀ ਭਾਲ਼ ਪਖੇਰੂ
ਤੂੰ ਤੇ ਮੁੜ ਕੇ ਪੁੱਛਿਆ ਈ ਨਾ
ਫਿਰਦੇ ਨੇਂ ਕਿਸ ਹਾਲ ਪਖੇਰੂ
ਚੰਗਾ ਸੀ ਮੈਂ ਸੱਪਾਂ ਨਾਲ਼ੋਂ
ਲੈਂਦਾ ਦੋ ਤਿੰਨ ਪਾਲ਼ ਪਖੇਰੂ
ਜਿਸ ਦਿਨ ਪਿੰਡ ਨਾ ਹੋਣ ਸ਼ਿਕਾਰੀ
ਖੇਡਣ ਬੰਦਿਆਂ ਨਾਲ਼ ਪਖੇਰੂ
ਰੋ ਰੋ ਬੋਹੜਾਂ ਲੱਭਦੇ ਫਿਰਦੇ
ਬੁੱਢੇ ਨੱਢੇ ਬਾਲ ਪਖੇਰੂ
ਤੱਕ ਲਈਂ ਇੱਕ ਦਿਨ ਇੱਕ ਨਈਂ ਐਥੇ
ਤੋੜਨਗੇ ਕਈ ਜਾਲ ਪਖੇਰੂ
ਨਾ ਛੱਡਦੇ ਨਾ ਭੁੱਲਦੇ ‘ਸੰਧੂ’
ਇੱਕ ਬੋਲੀ ਇੱਕ ਚਾਲ ਪਖੇਰੂ