ਕਾਲੇ ਕਰਕੇ

ਅਕਲ ਦੇ ਪੰਨੇ,

ਕੁਝ ਪੜ੍ਹ ਤੇ ਕੁਝ ਲਿਖ ਰਿਹਾ ਹਾਂ,

ਡਿਗ ਕੇ ਉੱਠਣਾ,

ਉੱਠ ਕੇ ਖੜ੍ਹਨਾ,

ਹੁਣ ਜ਼ਿੰਦਗੀ ਤੋਂ ਸਿੱਖ ਰਿਹਾ ਹਾਂ..

ਛੱਡ ਘਰਾਂ ਨੂੰ

ਭੁੱਲ ਦਰਾਂ ਨੂੰ,

ਵਾਟ ਪਿੰਡਾਂ ਦੀ ਮਿੱਥ ਰਿਹਾ ਹਾਂ,

ਡਾਂਗ ਤੇ ਡੇਰੇ

ਹੁਣ ਰਾਹ ਲੰਮੇਰੇ,

ਬਣ ਸਫ਼ਰਾਂ ਦੇ ਮਿੱਤ ਰਿਹਾ ਹਾਂ,

ਐਵੇਂ ਖਿੱਝਣਾ,

ਹਰਨਾਂ ਤੇ ਰਿੱਝਣਾ,

ਕੁਛ ਸਬਕਾਂ ਤੋਂ ਜਿੱਤ ਰਿਹਾ ਹਾਂ,

ਅਸਲਾਂ ਲਈ ਮਰਨਾ,

ਅਮਲਾਂ ਲਈ ਜਰਨਾ,

ਗੁਜ਼ਰ ਇਬਰਤਾਂ ਵਿੱਚ ਰਿਹਾ ਹਾਂ,

ਇਕਲਾਪੇ ਦਾ ਟੁਰਨਾ,

ਸਦਾਕਤ ਨਾ ਝੁਰਨਾ,

ਉਘੜਵੀਆਂ ਪੈੜਾਂ ਨੂੰ ਮਿੱਥ ਰਿਹਾ ਹਾਂ,

ਫ਼ਰੇਬਾਂ ਨੂੰ ਭੰਡਣਾ,

ਕਦੇ ਵੀ ਨਾ ਹੰਭਣਾ,

ਇਵੇਂ ਦੀਆਂ ਜੰਗਾਂ ਨੂੰ ਵਿੱਢ ਰਿਹਾ ਹਾਂ,

ਮਜ਼ਹਬਾਂ ਦੇ ਰੌਲੇ,

ਹੋਏ ਆਦਮ ਬੋਲੇ,

ਗ਼ਫ਼ਲਤ ਤੋਂ ਹਰਨਾ ਨਹੀਂ  ਗਿੱਝ ਰਿਹਾ ਹਾਂ,

ਨਾ ਜ਼ਾਤਾਂ ਦੀ ਬੰਦਿਸ਼,

ਨਾਂ ਖਬੀਸੀ ਰੰਜਿਸ਼,

ਹੋ ਰਜ਼ਾ ਦੀ ਤਮੀਰੀ ਲਈ ਇੱਕ-ਮਿੱਕ ਰਿਹਾ ਹਾਂ,

ਤਲਵਾਰਾਂ ਤੋਂ ਦੂਰੀ,

ਰੱਖ ਕਲਮਾਂ ਨਾ ਘੂਰੀ,

ਲਿਖ ਮਜਲੂਮਾਂ ਦੇ ਹਿੱਤ ਰਿਹਾ ਹਾਂ,

ਡਿਗ ਕੇ ਉੱਠਣਾ,

ਉੱਠ ਕੇ ਖੜ੍ਹਨਾ,

ਹੁਣ ਜ਼ਿੰਦਗੀ ਤੋਂ ਸਿੱਖ ਰਿਹਾ ਹਾਂ..

📝 ਸੋਧ ਲਈ ਭੇਜੋ