ਚਾਰ ਚੁਫੇਰੇ ਕਾਲ਼ੇ ਹੋਗੇ,
ਈਮਾਨ ਲੋਕਾਂ ਦੇ ਜਾਲ਼ੇ ਹੋਗੇ,
ਰੰਗ ਸਬਜ਼ੀ ਦੇ ਖ਼ਾਲੇ ਹੋਗੇ,
ਬੱਚੇ ਪਾਊਡਰਾਂ ਵਾਲੇ ਹੋਗੇ,
ਦੁੱਧ ਦੇ ਰੰਗ ਰਖਵਾਲੇ ਹੋਗੇ,
ਕੀ ਲੱਭਦੇ ਹੋ ਵਿੱਚ ਬਾਜ਼ਾਰ ਮੀਆਂ,
ਇੱਥੇ ਚਲਦੇ ਨੇ ਬਸ ਕਾਰੋਬਾਰ ਮੀਆਂ।
ਕੱਚੀ ਸਬਜ਼ੀ ਹਰੀ ਹੋ ਗਈ,
ਟੀਕਾ ਪਸ਼ੂ ਦੀ ਚਰੀ ਹੋ ਗਈ,
ਦਾਲ਼ ਪੱਥਰ ਨਾਲ਼ ਖਰੀ ਹੋ ਗਈ,
ਨਸ਼ੇ ਜਵਾਨੀ ਮਰੀ ਹੋ ਗਈ,
ਫੌਜ ਖੰਡ ਦੀ ਖੜ੍ਹੀ ਹੋ ਗਈ,
ਸਭ ਲੁਟਦੇ ਨੇ ਸ਼ਰ੍ਹੇ ਬਾਜ਼ਾਰ ਮੀਆਂ,
ਇੱਥੇ ਚਲਦੇ ਨੇ ਬਸ ਕਾਰੋਬਾਰ ਮੀਆਂ।
ਕਾਲ਼ਾ ਸਾਡਾ ਪਾਣੀ ਹੋ ਗਿਆ,
ਖਾਧਾ ਪੀਤਾ ਘਾਣੀ ਹੋ ਗਿਆ,
ਪੈਸਾ ਸਾਡਾ ਹਾਣੀ ਹੋ ਗਿਆ,
ਮਿੱਠਾ ਸਾਡਾ ਚਾਣੀ ਹੋ ਗਿਆ,
ਫੈਟ ਘੱਟ ਦਾ ਪ੍ਰਾਣੀ ਹੋ ਗਿਆ,
ਮੱਚੀ ਸਭ ਪਾਸੇ ਹਾਹਾਕਾਰ ਮੀਆਂ,
ਇੱਥੇ ਚਲਦੇ ਨੇ ਬਸ ਕਾਰੋਬਾਰ ਮੀਆਂ।
ਸਿਹਤ ਸਾਡੀ ਨੂੰ ਜ਼ਹਿਰ ਖਾ ਗਿਆ,
ਸਭ ਮਿਲਾਵਟ ਦਾ ਕਹਿਰ ਖਾ ਗਿਆ,
ਪਿੰਡਾਂ ਨੂੰ ਹੁਣ ਸ਼ਹਿਰ ਖਾ ਗਿਆ,
ਹਵਾ ਧੂੰਏ ਦਾ ਗਹਿਰ ਖਾ ਗਿਆ,
ਹਰਾ ਰੰਗ ਹੁਣ ਜ਼ਹਿਰ ਖਾ ਗਿਆ,
ਕੁਦਰਤ ਨਾਲ ਕਿਸੇ ਨਾ ਸਰੋਕਾਰ ਮੀਆਂ,
ਇੱਥੇ ਚਲਦੇ ਨੇ ਬਸ ਕਾਰੋਬਾਰ ਮੀਆਂ।
ਕੀ ਲੱਭਦੇ ਹੋ ਵਿੱਚ ਬਾਜ਼ਾਰ ਸੁੱਖਿਆ,
ਇੱਥੇ ਚਲਦੇ ਨੇ ਬਸ ਕਾਰੋਬਾਰ ਸੁੱਖਿਆ ।