ਕਾਲ਼ੀ-ਵੇਈਂ ਵਿੱਚ ਬਾਬੇ ਨਾਨਕ ਨੇ ਚੁਭੀ ਮਾਰੀ ਸੀ

ਵੇਈਂ ਪਵਿੱਤਰ ਹੋ ਗਈ ਸੀ

ਵੇਈਂ ਬਾਬੇ ਨਾਲ਼ ਜੁੜ ਗਈ

ਵੇਈਂ ਸੁਭਾਗੀ ਹੋ ਗਈ

ਯੁੱਗ ਬਦਲਿਆ

ਬਦਲੇ ਯੁੱਗ ਵਿੱਚ ਕਈ ਕੁਝ ਬਦਲ ਗਿਆ

ਬਦਲੇ ਯੁੱਗ ਵਿੱਚ ਵੇਈਂ ਵੀ ਬਦਲ ਗਈ

ਕਾਲ਼ੀ-ਵੇਈਂ ਦਾ ਪਾਣੀ ਵੀ ਕਾਲ਼ਾ ਹੋ ਗਿਆ

ਕਾਲ਼ੀ-ਵੇਈਂ  ਦੇ ਭਾਗ ਵੀ ਕਾਲ਼ੇ  ਹੋ ਗਏ

ਕਾਲ਼ੀ-ਵੇਈਂ ਪਵਿੱਤਰ ਤੋਂ ਪਲੀਤ ਹੋ ਗਈ

ਕਾਲ਼ੀ-ਵੇਈਂ  ਬਾਬੇ ਨਾਨਕ ਨਾਲ਼ ਜੁੜੀ ਸੀ

ਬਾਬੇ ਦੀਆਂ ਸੰਗਤਾਂ ਨੇ

ਪਲੀਤ ਵੇਈਂ  ਨੂੰ ਕਾਰ ਸੇਵਾ ਨਾਲ

ਮੁੜ ਪਵਿੱਤਰ ਕਰ ਦਿੱਤਾ

ਵੇਈਂ  ਸੁਭਾਗੀ ਸੀ

ਜੋ ਬਾਬੇ ਨਾਲ ਜੁੜੀ ਸੀ

ਬਾਬੇ ਰਾਹੀਂ ਸੰਗਤਾਂ ਨਾਲ਼ ਜੁੜੀ ਸੀ

ਤੇ ਪਲੀਤ ਹੋਣ ਤੋਂ ਬਾਅਦ ਵੀ

ਸੰਗਤਾਂ ਦੀ ਕਾਰ ਸੇਵਾ ਨਾਲ਼ 

ਮੁੜ ਪਵਿੱਤਰ ਹੋ ਗਈ

ਕਾਸ਼ ! ਬਾਬਾ ਸਗਲ ਧਰਤ ਮਹੱਤ ਦੀਆਂ

ਪਲੀਤ ਹੋ ਚੁੱਕੀਆਂ ਸਾਰੀਆਂ ਜਲ-ਵੇਈਆਂ ਵਿੱਚ ਵੀ

ਚੁੱਭੀ ਲਾ ਜਾਂਦਾ

ਤਾਂ ਕਿ ਸੰਗਤਾਂ ਸਿਰਫ਼  ਕਾਲੀ ਵੇਂਈ ਦੀ ਹੀ ਨਹੀਂ 

ਪਲੀਤ ਹੋ ਚੁੱਕੀਆਂ ਸਗਲ ਜਲ-ਵੇਈਆਂ ਦੇ 

ਪਲੀਤ ਹੋ ਰਹੇ ਪਾਣੀ ਪਿਤਾ ਦੀ 

ਕਾਰ ਸੇਵਾ ਕਰ ਪਾਵਨ ਕਰੀ ਰੱਖਦੀਆਂ । 

📝 ਸੋਧ ਲਈ ਭੇਜੋ