ਕਬਹੂ ਨ ਛਾਡੈ ਖੇਤੁ

ਖੇਤਾਂ ਵਿੱਚ ਸਿਰਫ਼

ਫ਼ਸਲਾਂ ਹੀ ਨਹੀਂ

ਹਾਲ਼ੀਆਂ

ਪਾਲ਼ੀਆਂ

ਤੇ ਉਹਨਾਂ ਦੀਆਂ ਨਸਲਾਂ ਦੇ

ਸੁਪਨੇ ਵੀ ਉੱਗਦੇ ਨੇ

ਸੁਪਨੇ -

ਜੋ ਲੋਰੀਆਂ

ਲੋਕ ਗੀਤਾਂ

ਅਲਾਹੁਣੀਆਂ ਵਿੱਚ

ਹੱਸਦੇ ਨੇ ਰੋਂਦੇ ਨੇ

ਨੱਚਦੇ ਨੇ ਗਾਉਂਦੇ ਨੇ

ਖੇਤ ਸਿਰਫ਼ ਫ਼ਰਦ ਵਿੱਚ ਦਰਜ਼

ਇੰਦਰਾਜ਼ ਵੀ ਨਹੀਂ ਹੁੰਦੇ

ਤੇ ਨਾ ਹੀ ਪਟਵਾਰੀ ਦੇ

ਜ਼ਰੀਬੀ ਪੈਮਾਨੇ ਨਾਲ਼

ਮਿਣੇ ਜਾਣ ਵਾਲ਼ਾ ਰਕਬਾ

ਕਿਸਾਨ ਵੀ ਸਿਰਫ਼ ਅੰਨਦਾਤਾ ਹੀ ਨਹੀਂ ਹੁੰਦਾ

ਬਲਕਿ ਜ਼ਿੰਦਗੀ ਦੇ ਸੌਰ ਮੰਡਲ ਦਾ

ਅਜਿਹਾ ਧੁਰਾ ਹੁੰਦਾ ਹੈ

ਜਿਸ ਦੁਆਲ਼ੇ

ਪੂਰੀ ਹਯਾਤੀ ਘੁੰਮਦੀ ਹੈ

ਜੀਣ ਤੋਂ ਮਰਨ ਤੱਕ ...

ਖੇਤ

ਸਿਰਫ਼

ਜ਼ਮੀਨ

ਜਾਇਦਾਦ

ਜਗੀਰ

ਨਹੀਂ ਹੁੰਦੇ ...

ਸਮੇਂ ਦੇ ਸ਼ਾਹੂਕਾਰਾਂ ਨੂੰ

ਪਤਾ ਹੋਣਾ ਚਾਹੀਦਾ ਹੈ

ਖੇਤ

ਹਾਲ਼ੀਆਂ

ਪਾਲ਼ੀਆਂ

ਦੀ ਜ਼ਿੰਦਗੀ ਦੀ

ਹੋਂਦ ਹੁੰਦੇ ਹਨ

ਦੀਨ ਈਮਾਨ

ਪਹਿਚਾਣ

ਹੁੰਦੇ ਹਨ

ਇਸੇ ਲਈ

ਖੇਤਾਂ ਦੇ ਸੂਰੇ ਪੁੱਤਰ

ਪੁਰਜਾ ਪੁਰਜਾ

ਕਟ ਮਰ ਕੇ ਵੀ

ਕਦੇ ਵੀ ਖੇਤ ਨਹੀਂ ਛੱਡਦੇ

📝 ਸੋਧ ਲਈ ਭੇਜੋ