ਕਬੂਤਰ ਟਾਹਣੀਆਂ ਵਿਚ ਉਡ ਰਹੇ

ਕਬੂਤਰ ਟਾਹਣੀਆਂ ਵਿਚ ਉਡ ਰਹੇ ਤੇਰੇ ਖ਼ਤਾਂ ਵਰਗੇ।

ਹੈ ਮੈਨੂੰ ਬਿਰਖ਼ ਵੀ ਲਗਦੇ ਮੁਕੱਦਸ ਪੁਸਤਕਾਂ ਵਰਗੇ।

ਕਿਸੇ ਗ਼ਮ ਦਾ ਤਕਾਜ਼ਾ ਹੈ ਕਿ ਜਾਂ ਸ਼ਿੱਦਤ ਉਡੀਕਾਂ ਦੀ,

ਖਿੜੇ ਨੇ ਫੁੱਲ ਦਰਵਾਜ਼ੇ ਤੇ ਤੇਰੀ ਦਸਤਕਾਂ ਵਰਗੇ।

ਤਿਰੀ ਮਹਿੰਦੀ ਮਿਰੇ ਹਰ ਸ਼ਬਦ ਦੀ ਤਲੀਆਂ ਤੇ ਲੱਗੀ,

ਗ਼ਜ਼ਲ ਮੇਰੀ ਦੇ ਸਾਰੇ ਸ਼ਿਅਰ ਤੇਰੇ ਦਸਖ਼ਤਾਂ ਵਰਗੇ।

ਕਿਤੋਂ ਮੈਨੂੰ ਸਦਾ ਦੇ ਕੇ ਚੜਾ੍ਹ ਆਵਾਜ਼ ਦੇ ਸੂਰਜ,

ਮੇਰੇ ਗਿਰਦੇ ਹਨ੍ਹੇਰੇ ਛਾ ਗਏ ਹਨ ਪਰਬਤਾਂ ਵਰਗੇ

ਹੈ ਦਾਗੀ ਚੰਨ ਦਾ ਚਿਹਰਾ ਉਦਾਸੀ ਵੇਸਵਾ ਵਰਗਾ,

ਖਿੜੇ ਤਾਰੇ ਕਿਸੇ ਮੁਫ਼ਲਸ ਦੀਆਂ ਪਰ ਹਸਰਤਾਂ ਵਰਗੇ।

ਸਹਾਰੇ ਢੂੰਡਦੇ ਲੋਕੀਂ ਦਿਨੇ-ਦੀਵੀਂ ਚਰਾਗਾਂ ਦੇ ,

ਹੈ ਤੇਰੇ ਸ਼ਹਿਰ ਦੇ ਚਾਨਣ ਮਿਰੇ ਲਈ ਜ਼ੁਲਮਤਾਂ ਵਰਗੇ।

ਖਿਜ਼ਾਂ ਵੀ ਕਬਰ ਆਪਣੀ ਕਰ ਲਏ ਤਿਆਰ ਆਪੇ ਹੀ,

ਬਹਾਰਾਂ ਨੇ ਤਾਂ ਰੁੱਖਾਂ ਨੂੰ ਸਜਾਉਣਾ ਦੁਲਹਨਾਂ ਵਰਗੇ।

📝 ਸੋਧ ਲਈ ਭੇਜੋ