ਗੀਤ ਵੀ ਮੁੱਕ 'ਗੇ ਲਫ਼ਜ਼ ਵੀ ਮੁੱਕ 'ਗੇ, ਨਾਲ ਮੁੱਕ 'ਗੇ ਆਖ਼ਰੀ ਸਾਹ ਕੁੜੇ।
ਬਿਰਹਾ ਵੀ ਮੁੱਕਿਆ ਦਰਦ ਵੀ ਮੁੱਕੇ, ਨਾਲ ਮੁੱਕ 'ਗੇ ਆਖ਼ਰੀ ਰਾਹ ਕੁੜੇ।
ਜ਼ਿੰਦਗੀ ਮੁੱਕੀ 'ਤੇ ਮੌਤ ਮਿਲੀ, ਕਹਿੰਦੀ ਚੱਲ ਮੇਰੇ ਨਾਲ ਤੂੰ।
ਬੁੱਤ ਮਿਲਾ ਦੇ ਵਿੱਚ ਮਿੱਟੀਆਂ, ਲੈ ਚੱਲ ਇਕੱਲੀ ਨਾਲ ਰੂਹ।
ਕਬਰਾਂ ਵਾਲੇ ਦੇਸ਼ ਲੈ ਚੱਲਾਂ, ਤੈਨੂੰ ਮਿਲਾਵਾਂ ਟੁੱਟੇ ਆਸ਼ਕਾਂ ਨਾਲ।
ਸੁਣਾਈਂ ਤੇ ਸੁਣੀਂ ਕਿੱਸੇ ਇਸ਼ਕੇ ਦੇ, ਬੈਠ ਪਾਈਂ ਬਾਤਾਂ ਆਸ਼ਕਾਂ ਨਾਲ।
ਘਰ ਕਬਰਾਂ ਦੇ ਗੁਜ਼ਾਰਾ ਲੱਕੜਾਂ 'ਤੇ, ਯਾਦ ਮਿਲੂ ਮਹਿਬੂਬ ਦੀ ਤੈਨੂੰ।
ਇੱਥੇ ਇਸ਼ਕੇ ਤੇ ਨਾ ਹੱਸਦਾ ਕੋਈ, ਸ਼ੈਰੀ ਇੱਜ਼ਤ ਪੂਰੀ ਮਿਲੂਗੀ ਤੈਨੂੰ।
ਇੱਥੇ ਰੱਬ ਨਾ ਕੋਈ ਝੂਠ ਵੱਸਦਾ, ਨਾ ਹੀ ਝੂਠੇ ਲਾਰੇ ਮਿਲਦੇ ਨੇ।
ਇੱਥੇ ਯਾਰ ਮਹਿਬੂਬ ਦੀ ਦੀਦ ਹੋਣੀ, ਇੱਥੇ ਹਿਜ਼ਰਾਂ ਵਾਲੇ ਫੁੱਲ ਖਿੜਦੇ ਨੇ।
ਇੱਥੇ ਪੀੜਾਂ ਮਿਲਦੀਆਂ ਨੇ ਖਾਣ ਨੂੰ, 'ਤੇ ਹੰਝੂ ਪੀਣ ਨੂੰ ਮਿਲਦੇ ਨੇ।
ਇੱਥੇ ਦਿਨ ਨਾ ਚੜ੍ਹਦੇ ਪਿਆਰਾਂ ਵਾਲੇ, ਲੱਗੇ ਫੱਟ ਨਾ ਇੱਥੇ ਸਿਲਦੇ ਨੇ।