ਕੱਚ ਦਾ ਚੂੜਾ

ਕੱਚ ਦਿਆ ਚੂੜਿਆ ਵੇ

ਜਿਸ ਦੀ ਨਿਸ਼ਾਨੀ ਏਂ ਤੂੰ ਉਹ ਸਾਡੇ ਕੋਲ ਨਾ

ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ

ਕੱਚ ਦਿਆ ਚੂੜਿਆ ਵੇ

ਕੱਚਾ ਸਾਨੂੰ ਦੇ ਗਿਆ ਨਿਸ਼ਾਨੀਆਂ ਕੱਚ ਦੀਆਂ

ਖੁਲ੍ਹ ਗਈਆਂ ਸੱਭੇ ਗੱਲਾਂ ਹੁਣ ਝੂਠ ਸੱਚ ਦੀਆਂ

ਪਿਆਰਾਂ ਦੀਆਂ ਭੁਬਲਾਂ 'ਚੋਂ ਯਾਦਾਂ ਨੂੰ ਫਰੋਲ ਨਾ

ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ

ਕੱਚ ਦਿਆ ਚੂੜਿਆ ਵੇ

ਸਭ ਕੁਝ ਹਾਰ ਦਿੱਤਾ ਇਕ ਦਿਲ ਹਾਰ ਕੇ

ਹਾਵਾਂ ਦਿਲੋਂ ਉਠਦੀਆਂ ਹੱਲੇ ਮਾਰ ਮਾਰ ਕੇ

ਮਾਹੀਏ, ਟੱਪੇ, ਢੋਲਿਆਂ ਦੇ ਚੰਗੇ ਲਗਣ ਬੋਲ ਨਾ

ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ

ਕੱਚ ਦਿਆ ਚੂੜਿਆ ਵੇ

ਫੁੱਲਾਂ ਦੇ ਭੁਲੇਖੇ ਜਿੰਦ ਕੰਡਿਆਂ 'ਚ ਰੋਲ ਲਈ

ਧੋਖੇ ਵਿਚ ਕੇ ਬੋਲ ਪਿਆਰ ਵਾਲੇ ਬੋਲ ਪਈ

ਆਸਾਂ ਦੀਆਂ ਲਹਿਰਾਂ ਉਤੇ ਪਿਆ ਐਵੇਂ ਡੋਲ ਨਾ

ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ

ਕੱਚ ਦਿਆ ਚੂੜਿਆ ਵੇ

ਘਰ ਘਰ ਪੈਂਦੀਆਂ ਨੇ ਸਾਡੀਆਂ ਕਹਾਣੀਆਂ

ਕਿਸੇ ਦਾ ਕੀ ਦੋਸ਼ ਆਪੇ ਕੀਤੀਆਂ ਨਦਾਨੀਆਂ

ਅੱਖਾਂ ਚੁੱਪ ਰਹਿੰਦੀਆਂ ਤੇ ਵੱਜਦੇ ਇਹ ਢੋਲ ਨਾ

ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ

ਕੱਚ ਦਿਆ ਚੂੜਿਆ ਵੇ

📝 ਸੋਧ ਲਈ ਭੇਜੋ