ਇਹ ਜੋ ਅਜ ਕਲ੍ਹ
ਲੰਮੀ ਰਾਤ ਦੀ ਕਾਲੀ ਵਾਟ ਝਾਗਦੇ
ਚਿੰਤਾ-ਡੰਗੇ ਸੁਫਨਿਆਂ ਵਿੱਚੋਂ
ਪਹੁ ਫੁਟਦੀ ਦੇ ਨਾਲ ਜਾਗਦੇ
ਚਾਹ ਦੇ ਘੁੱਟਾਂ ਨਾਲ
ਕਾਲੀਆਂ
ਕੁੰਗੀ ਲਗੀਆਂ ਖਬਰਾਂ ਚਰਦੇ
ਰੋਸ਼ਨਦਾਨੇਂ ਝਾਕਦੀਆ ਕਿਰਨਾਂ ਤੋਂ ਡਰਦੇ
ਰੋਜ਼ੀ ਦੀ ਸੱਦ
ਪੱਕੀ ਸਾਨ੍ਹ ਸਮੇਂ ਦੀ
ਹੂੰਗੇ ਜਿਹਾ ਹੁੰਗਾਰਾ ਭਰਦੇ
ਸਾਰਾ ਦਿਨ ਦਫਤਰ ਵਿਚ
ਆਪਣੇ ਤੋਂ ਉਤਲੇ ਅਫਸਰ ਨੂੰ
ਜੀ ਜੀ ਕਰਦੇ
ਉਸਦਾ ਹਰ ਬੇਲੁਤਫ ਲਤੀਫਾ ਸੁਣਕੇ
ਹਾ ਹਾ ਹੀ ਹੀ ਕਰਦੇ
ਇਕ ਦੂਜੇ ਨੂੰ ਚੰਗੀ ਮੰਦੀ ਕਹਿੰਦੇ
ਅਤੇ ਮਤਹਿਤਾਂ ਤੋਂ ਆਦਰ ਦੀ ਝਾਕ ‘ਚ ਰਹਿੰਦੇ
ਕੁਰਸੀ ਉੱਤੇ
ਇੱਜ਼ਤ ਵਾਲੇ
ਕਚ ਦੇ ਵਸਤਰ ਪਾ ਕੇ ਬਹਿੰਦੇ
ਕਿਤੋਂ ਕਿਤੇ ਕੁਝ ਤਿੜਕ ਨਾ ਜਾਏ
ਹਰ ਦਮ ਸਹਿੰਮੇ
ਅੰਗਾਂ ਦਾ ਅਕੜੇਵਾਂ ਸਹਿੰਦੇ
ਹਾਲ ਦਾ ਮਸਲਾ ਪਿਛਲਾ ਕੋਈ ਹਵਾਲਾ ਮੰਗਦਾ
ਜ਼ਿਹਨ ਖੁਰਚਦੇ ਵਿਹੁ ਘੋਲਦੇ
ਫਿਰ ਯਾਦਾਂ ਦੀ ਮੈਲੀ ਬੋਝਲ ਮਿਸਲ ਫੋਲਦੇ
ਨਿੱਕੀ ਨਿੱਕੀ ਹਰ ਹਾਨੀ ਦੀ
ਤਿੱਖੀ ਤਿੱਖੀ ਚੋਭ ਲਕੋ ਕੇ
ਰੋਜ਼ੀ ਦੇ ਦਰ ਹੀਣੇ ਹੋ ਕੇ
ਬੀਤੀ ਕਲ੍ਹ ਨਾਲੋਂ ਵੀ ਥੁੜਦੇ
ਸ਼ਾਮ ਪਈ ਤੋਂ ਘਰ ਨੁੰ ਮੁੜਦੇ
ਬੱਚਿਆਂ ਦੀ ਦਿਲਜੋਈ ਨੂੰ ਉਤੋਂ ਮੁਸਕਾਉਂਦੇ
ਅੰਦਰੋਂ ਘਰ ਦੀਆਂ ਫੁਟਕਲ ਲੋੜਾਂ ਉੱਤੇ ਕੁੜ੍ਹਦੇ
ਘਰ ਵਾਲੀ ਦੀ ਮੱਥੇ ਵੱਟ ਨੂੰ ਘੜੀ ਝਕਾਨੀ ਦੇ ਕੇ
ਰੁੱਖੇ ਵਾਲਾਂ
ਮੈਲੇ ਦੰਦਾਂ ਵਾਲੇ
ਮਿਤਰਾਂ ਨਾਲ ਬੈਠਕੇ
ਕਾਲੀਆਂ ਕੁੰਗੀ ਲਗੀਆਂ ਖਬਰਾਂ ਚਿੱਥਦੇ
ਫੇਰ ਉਗਾਲੀ ਕਰਦੇ
ਕੋਈ ਅੱਖਰ ਲੜੇ ਜੀਭ ਤੇ
ਸੰਘ ਵਿਚ ਅੜੇ
ਛਾਂ ਤੱਤੀ ਕਾਫੀ ਦਾ ਘੁਟ ਭਰਦੇ
ਦਿਲ ਨੂੰ ਲਾਰਾ ਲੱਪਾ ਲਾਕੇ
ਰੋਜ਼ ਤਕਾਲੀਂ
ਰੌਲੇ ਰੱਪੇ ਦਾ ਇਕ ਗੰਦਾ ਛੱਪੜ ਤਰਦੇ
ਰਾਤੀਂ ਜੇ ਤਨ ਦੇ ਨੇਰ੍ਹੇ ਵਿਚ
ਇੱਛਾ ਦੀ ਕੋਈ ਕੂੰਬਲ ਉਗਦੀ
ਬੱਚਿਆਂ ਦੇ ਜਾਗਣ ਤੋਂ ਡਰਦੇ
ਹੌਲੀ ਹੌਲੀ
ਬੀਵੀ ਦੇ
ਥੱਕੇ
ਨਿੰਦਰਾਏ
ਅੰਗਾਂ ਤੋਂ ਵਸਤਰ ਸਰਕੌਂਦੇ
ਕੁਝ ਪਲ ਡੱਕੋ ਡੋਲੇ ਖਾਕੇ
ਇੱਛਾ ਦੀ ਕੂੰਬਲ ਕਮਲੌਂਦੀ
ਫਿਰ ਉਂਘਲੌਂਦੇ
ਚਿੰਤਾ-ਡੰਗੇ ਸੁਫਨਿਆਂ ਵਾਲੀ
ਲੰਮੀ ਰਾਤ ਦੇ ਰਾਹ ਪੈ ਜਾਂਦੇ
ਓਹੀ ਕਾਲੀ ਵਾਟ ਝਾਗਦੇ
ਪੋਹ ਫੁਟਦੀ ਦੇ ਨਾਲ ਜਾਗਦੇ
ਕੌਣ ਯਕੀਨ ਕਰੇਗਾ
ਇਹਨਾਂ
ਮਸਫੁਟਦੀ ਤੋਂ
ਮਹਿਕਦੀਆਂ ਲੋਚਾਂ ਦੀ ਕੱਚੀ ਰੁੱਤੇ
ਕਿਆਸਾਂ ਦੀ ਸਤਰੰਗੀ ਪੀਂਘ ਝੂਟਦੇ
ਜੁਗ ਪਲਟਾਣ ਦੀ ਸੌਹੰ ਖਾਧੀ ਸੀ
ਇਹਨਾਂ ਨੂੰ ਮਨਜ਼ੂਰ ਨਹੀਂ ਸਨ
ਸਮੇਂ ਸਥਾਨ ਦੀਆਂ ਸੀਮਾਵਾਂ
ਸਤਰੰਗੀਆਂ ਪੀਂਘਾਂ ਤੋਂ ਅੱਗੇ ਲੰਘ ਜਾਣ ਦੀ ਸੌਹੰ ਖਾਧੀ ਸੀ
ਇਹ ਜੋ ਅਜ ਕਲ੍ਹ
ਲੰਮੀ ਰਾਤ ਦੀ ਕਾਲੀ ਵਾਟ ਝਾਗਦੇ
ਚਿੰਤਾ-ਡੰਗੇ ਸੁਫਨਿਆਂ ਵਿੱਚੋਂ
ਪੋਹ ਫੁਟਦੀ ਦੇ ਨਾਲ ਜਾਗਦੇ।