ਜਨਤਾ ਨੂੰ ਹਰ ਰੋਜ਼ ਸਫ਼ਰ
ਤੇ ਸਾਨੂੰ ਕਦੇ ਕਦਾਈਂ
ਜਨਤਾ ਗੱਡੀ ਨੇ ਤਾਂ ਜਾਣਾ
'ਟੇਸ਼ਣ ਤੋਂ ’ਟੇਸ਼ਣ ਤਕ
ਨਿਊ ਦਿੱਲੀ ਤੋਂ ਅੰਮ੍ਰਿਤਸਰ ਤਕ
ਅਸੀਂ ਤਾਂ ਜਾਣਾ ਨਰਸਿੰਗ ਘਰ ਤੋਂ ਹਰਿਮੰਦਰ ਤਕ
ਕਚ-ਬੱਚੇ ਤੋਂ ਰਬ ਸੱਚੇ ਤਕ
ਦੁਖ-ਸੁਖ ਵਰ੍ਹੇ ਛਿਮਾਹੀ
ਜਨਤਾ ਨੂੰ ਹਰ ਰੋਜ਼ ਸਫ਼ਰ
ਤੇ ਸਾਨੂੰ ਕਦੇ ਕਦਾਈਂ
ਦੂਜੇ ਕਚ-ਸੂਤਕ ਦੀ ਰੁੱਤੇ
ਹੁਣੇ ਹੁਣੇ ਮੇਰੀ ਸਿਹਕਰਮਣ
ਨਰਸਿੰਗ-ਘਰ ਤੋਂ ਮੁੜ ਆਈ ਸੀ
ਸਫ਼ਲ-ਕਰਮ, ਦੁੱਧ-ਪੱਖੋਂ ਊਣੀ
।ਹਰਿਆ ਨੀ ਮਾਲਣ, ਹਰਿਆ ਨੀ ਭੈਣੇ
ਹਰਿਆ ਤਾਂ ਭਾਗੀਂ ਭਰਿਆ
ਜਿਸ ਦਿਹਾੜਾ ਮੇਰਾ ਹਰਿਆ ਨਾ ਜੰਮਿਆ
ਸੋਈ ਦਿਹਾੜਾ ਭਾਗੀਂ ਭਰਿਆ॥
ਮੈਂ ਮਨ-ਹੌਲਾ, ਚਿੱਤ-ਬਾਵਰਾ
ਏਸ ਖ਼ੁਸ਼ੀ ਨੂੰ ਜਰ ਨਾ ਸਕਿਆ
ਉੱਠ ਤੁਰਿਆ ਹਰਿਮੰਦਰ ਵੰਨੇ
'ਟੈਚੀ ਵਿਚ ਗੰਢੜੀ ਭਰ ਕਪੜੇ
ਮਸਤਕ ਵਿਚ ਖ਼ਿਆਲਾਂ ਦੀਆਂ ਮੱਛੀਆਂ
ਕੁਰਬਲ-ਕੁਰਬਲ, ਤੜਫੂੰ-ਤੜਫੂੰ,
ਭੋਂ ਵਲ ਨਿਵੀਆਂ ਮੇਰੀਆਂ ਅੱਖੀਆਂ
ਪਤਾ ਨਹੀਂ ਕੀ ਢੂੰਡ ਰਹੀਆਂ ਸਨ
ਪੋਲੇ ਪੈਰ ਉੱਠੀ ਸਹਿਕਰਮਣ
ਸਫਲ-ਕਰਮ ਦੀ ਪੀੜ ਦਬਾ ਕੇ
ਇਕ ਬੁਰਦਾਰ ਤੌਲੀਆ ਉੱਜਲ
ਤਹਿ ਕਰ ਕੇ 'ਟੈਚੀ ਵਿਚ ਪਾਇਆ
ਕੱਜੀ ਗਈ 'ਟੈਚੀ ਵਿਚ ਗੰਢੜੀ
ਸੌਂ ਗਈਆਂ ਖ਼ਿਆਲਾਂ ਦੀਆਂ ਮੱਛੀਆਂ
ਬੇਗਮ ਬੋਲੀ :
ਏਨਾ ਕੀ ਚਿਤ ਨੂੰ ਉਦਰੇਵਾਂ !
ਏਨੇ ਵੀ ਕੀ ਖ਼ਿਆਲ ਪੁਰਾਣੇ !!
ਸੰਜਮ-ਕਲਾ ਭਲਾ ਹੈ ਕਿਸ ਲਈ !!!
ਹਰਿਮੰਦਰ ਨੂੰ ਜਮ ਜਮ ਜਾਵੋ
ਮਨ-ਚਿਤ ਮੈਲਾ ਧੋ-ਧਾ ਲਾਵੇ
ਕਿਸੇ ਸਬਬ ਹੀ ਜਾਣਾ ਬਣਦੈ
ਉਂਞ ਤਾਂ ਧੰਦਾ ਹੀਲ-ਹੀਲ ਕੇ
ਲੰਘੇ ਉਮਰ ਅਞਾਈਂ
ਜਨਤਾ ਨੂੰ ਹਰ ਰੋਜ਼ ਸਫ਼ਰ
ਤੇ ਸਾਨੂੰ ਕਦੇ ਕਦਾਈਂ ।