ਕੱਚਾ ਰੰਗ ਕੋਈ ਸਮਝ ਨਾ ਦੇਵੇ ਧੋ ਪੰਜਾਬੀ ਨੂੰ...
ਮੇਰੇ ਕੋਲ਼ੋਂ ਲੈ ਜਾਏ ਨਾ ਕੋਈ ਖੋਹ ਪੰਜਾਬੀ ਨੂੰ...
ਵਾਰਿਸ ਬੁੱਲ੍ਹਾ ਪੀਰ ਫ਼ਰੀਦ ਹੁਰਾਂ ਨੇ ਪਾਲ਼ੀ ਏ...
ਕਿਧਰੇ ਨਾ ਪਰਦੇਸਣ ਕਰ ਦਿਓ ਪੰਜਾਬੀ ਨੂੰ...
ਉਹਨਾਂ ਪੱਲੇ ਕੱਖ ਨਹੀਂ ਬਚਣਾ ਅੰਤ ਅਖੀਰਾਂ ਨੂੰ...
ਅਨਪੜ੍ਹ ਜ਼ਾਹਿਲ ਕੋਝੀ ਦੱਸਦੇ ਜੋ ਪੰਜਾਬੀ ਨੂੰ...
ਦੁੱਲਾ ਜਿਊਣਾਂ ਜੱਗਾ ਖ਼ਬਰੇ ਕਿੱਥੇ ਸੌਂ ਗਏ ਨੇ...
ਕੋਈ ਨਹੀਂ ਦਿੰਦਾ ਆ ਕੇ ਯਾਰੋ ਢੋਅ ਪੰਜਾਬੀ ਨੂੰ...
ਮਾਂ ਦੇ ਨਾਲ਼ੋਂ ਬਹੁਤਾ ਫ਼ਿਕਰ ਕਰੇਂਦੇ ਮਾਸੀ ਦਾ...
ਪੁੱਤਰ ਛੱਡਕੇ ਪਾਸੇ ਗਏ ਖਲੋਅ ਪੰਜਾਬੀ ਨੂੰ...
ਇਸਰਾਂ ਤੇ ਨਹੀਂ ਮੁੱਕਣਾ ਮੇਰੀ ਮਾਂ ਪੰਜਾਬੀ ਨੇ...
ਦੁੱਗਣੀ ਚੜ੍ਹਦੀ ਜਾਵੇ ਯਾਰੋ ਲੋਅ ਪੰਜਾਬੀ ਨੂੰ...
'ਸਾਰੰਗ' ਉਹ ਭੌਰਾ ਨਹੀਂ ਸੁੰਘਦਾ ਫ਼ੇਰ ਗ਼ੁਲਾਬਾਂ ਨੂੰ...
ਇੱਕ ਵਾਰੀ ਜੋ ਸੁੰਘ ਲੈਂਦਾ ਖ਼ੁਸ਼ਬੋ ਪੰਜਾਬੀ ਨੂੰ!!!