ਸੂਬਾ ਆਖਦਾ ਤੇਗ ਦੇ ਪੋਤਿਆਂ ਨੂੰ,
ਤੁਸੀਂ ਦਿਲ ਦੇ ਬੜੇ ਦਲੇਰ ਬੇਟਾ।
ਮੈਨੂੰ ਜਾਪਦੇ ਹੋ ਨਾਜ਼ੁਕ ਫੁੱਲਾਂ ਨਾਲੋਂ,
ਕਾਹਨੂੰ ਰਹੇ ਹੋ ਕੰਢੇ ਖਲੇਰ ਬੇਟਾ।
ਡਾਢੇ ਸੋਹਲ ਮਲੂਕ ਨੇ ਜਿਸਮ ਸੋਹਣੇ,
ਐਪਰ ਸਿਰਾਂ ਤੇ ਦੁੱਖ ਨੇ ਢੇਰ ਬੇਟਾ।
ਬੂਹੇ ਖੋਲ੍ਹ ਦੇਵਾਂ ਐਸ਼ੋ ਇਸ਼ਰਤਾਂ ਦੇ,
ਮੋਮਨ ਹੋ ਜਾਓ ਜੇ ਇਕ ਵੇਰ ਬੇਟਾ।
ਸੋਨਾ ਨਾਲ ਦੇਵਾਂ, ਲਸ਼ਕਰ ਨਾਲ ਦੇਵਾਂ,
ਨਾਲੇ ਦਿਆਂਗਾ ਤਖ਼ਤ ਤੇ ਤਾਜ ਆਪਣਾ।
ਮੇਰੇ ਜੀਅ ਨੂੰ ਭਾਵੰਦੇ ਤੁਸੀਂ ਡਾਢੇ,
ਮੋਮਨ ਬਣੋ ਤਾਂ ਦਿਆਂ ਰਾਜ ਆਪਣਾ।
ਸੁਣ ਕੇ ਗੱਲ ਉਹਦੀ ਦੋਵੇਂ ਬਾਲ ਬੋਲੇ,
ਅਸੀਂ ਆਪਣਾ ਧਰਮ ਹੀ ਲੋਚਦੇ ਹਾਂ।
ਜਿਨ੍ਹਾਂ ਨੰਗੀਆਂ ਤੇਗਾਂ ਤੇ ਨਾਚ ਕੀਤੈ,
ਅਸੀਂ ਪੁੱਤ ਤੇ ਪੋਤਰੇ ਓਸਦੇ ਹਾਂ।
ਸਾਨੂੰ ਠੱਗ ਨਹੀਂ ਸਕਦੇ ਤੇਰੇ ਲਾਲਚ,
ਤੇਰੇ ਦੀਨ ਈਮਾਨ ਨੂੰ ਕੋਸਦੇ ਹਾਂ।
ਜਿਹਨੂੰ ਮਾਰ ਨਹੀਂ ਸਕਦੀ ਮੌਤ ਤੇਰੀ,
ਨਿੱਕੇ ਜਿਹੇ ਟੋਟੇ ਉਸ ਠੋਸ ਦੇ ਹਾਂ।
ਲੋਰੀ ਦਿੱਤੀ ਏ ਨੇਜ਼ਿਆਂ ਬਰਛਿਆਂ ਨੇ,
ਸਿੱਖਿਆ ਖੇਡਣਾ ਖੰਡੇ ਦੀ ਧਾਰ ਉੱਤੇ।
ਪਿਆਰ ਕੀਤੈ ਤੀਰਾਂ ਨੂੰ ਵੀਰਾਂ ਵਾਂਗੂੰ,
ਪਾਉਣੈ ਭੰਗੜਾ ਤੇਜ ਤਲਵਾਰ ਉੱਤੇ।
ਸੂਬਾ ਗੁੱਸੇ ਨੂੰ ਦਿਲ ਦੇ ਵਿੱਚ ਪੀ ਕੇ,
ਕਹਿੰਦਾ ਬੱਚਿਓ ਬੜਕਾਂ ਮਾਰੀ ਦਾ ਨਹੀਂ।
ਸਾਹਵੇਂ ਵਿਛੀ ਹੋਈ ਸੁੱਖਾਂ ਦੀ ਸੇਜ ਤਾਈਂ,
ਮੂੰਹੋਂ ਬੋਲ ਕੇ ਝਲ ਖਲਾਰੀ ਦਾ ਨਹੀਂ।
ਜਿਹੜਾ ਕਰੇ ਪਿਆਰ, ਸਤਿਕਾਰ ਦੇਵੇ,
ਮੂੰਹ ਉਹਦੇ ਤੇ ਥੱਪੜ ਮਾਰੀ ਦਾ ਨਹੀਂ।
ਰਹਿਮ ਕਰੇ ਜੋ ਵੇਖ ਮਜ਼ਲੂਮ ਤਾਈਂ,
ਰਹਿਮ ਉਸਦਾ ਦਿਲੋਂ ਵਿਸਾਰੀ ਦਾ ਨਹੀਂ।
ਛੱਡੋ ਜ਼ਿੱਦ ਤੇ ਮੰਨ ਜਾਓ ਗੱਲ ਮੇਰੀ,
ਮੇਰੀ ਗੱਲ ਨੂੰ ਕਿਸੇ ਮੋੜਿਆ ਨਹੀਂ।
ਮੂੰਹ ਜਿਹਦੇ 'ਚੋਂ ਧੁੰਦਲਾ ਨਜ਼ਰ ਆਵੇ,
ਸ਼ੀਸ਼ਾ ਪਲਾਂ ਦੇ ਵਿੱਚ ਤਰੋੜਿਆ ਨਹੀਂ।
ਛੋਟੀ ਵੇਖ ਕੇ ਅਸਾਂ ਦੀ ਉਮਰ ਦੇ ਵਲ,
ਪਿਆ ਸੂਬਿਆ ਸਾਨੂੰ ਡਰਾ ਨਾ ਤੂੰ।
ਜੀਵਨ ਲੱਭਿਐ ਜਿਹਨਾਂ ਨੇ ਮੌਤ ਵਿੱਚੋਂ,
ਡਰ ਉਹਨਾਂ ਨੂੰ ਮੌਤ ਦਾ ਪਾ ਨਾ ਤੂੰ।
ਡੋਰ ਪੱਕੀ ਏ ਸਾਡੇ ਇਰਾਦਿਆਂ ਦੀ,
ਪੇਚਾ ਭੁੱਲ ਕੇ ਇਹਨਾਂ ਨਾਲ ਲਾ ਨਾ ਤੂੰ।
ਹੰਸ ਕਦੇ ਨਹੀਂ ਕਾਵਾਂ ਦੀ ਚੋਗ ਚੁਗਦੇ,
ਸਬਜ਼ਬਾਗ ਪਿਆ ਸਾਨੂੰ ਵਿਖਾ ਨਾ ਤੂੰ।
ਐਸ਼ੋ ਇਸ਼ਰਤਾਂ ਵਾਂਗ ਪ੍ਰਛਾਵਿਆਂ ਦੇ,
ਜਨਮ ਧਾਰਨਾ ਨਹੀਂ ਬਾਰ ਬਾਰ ਸੂਬੇ।
ਦੇਹੀ ਖਾਕ ਦੀ ਖਾਕ ਵਿੱਚ ਮਿਲਣੀ ਏ,
ਰੂਹ ਕੱਟ ਨਾ ਸਕੇ ਕਟਾਰ ਸੂਬੇ।
ਸੂਬੇ ਸੁਣੇ ਜੁਆਬ ਜਦ ਜੋਸ਼ ਵਾਲੇ,
ਨਾਲ ਈਰਖਾ ਦੇ ਕੁਝ ਨਾ ਬੋਲਦਾ ਏ।
ਗੁੱਸਾ ਨੱਚਿਆ ਉਹਦੀਆਂ ਅੱਖੀਆਂ ’ਚ,
ਕਾਲੇ ਨਾਗ ਵਾਂਗੂੰ ਵਿਹੁ ਘੋਲਦਾ ਏ।
ਬਦਲਾ ਲੈਣ ਤੇ ਮਜ਼ਾ ਚਖਾਣ ਖ਼ਾਤਰ,
ਖੂੰਜਾ ਅਦਲ ਦਾ ਪਿਆ ਫਰੋਲਦਾ ਏ ।
ਕੱਚੀਆਂ ਕਲੀਆਂ ਦਸ਼ਮੇਸ਼ ਦੇ ਬਾਗ਼ ਦੀਆਂ,
ਮਿੱਧ ਸੁੱਟਣ ਲਈ ਢੰਗ ਉਹ ਟੋਲਦਾ ਏ।
ਲਾਲ ਹੋਇਆ ਅੰਗਿਆਰਾਂ ਦੇ ਵਾਂਗ ਸੂਬਾ,
ਮੂੰਹੋਂ ਕਹਿਰ ਦੀ ਅੱਗ ਵਰਸਾਣ ਲੱਗਾ ।
ਕੰਧਾਂ ਵਿੱਚ ਚਿਣਵਾ ਕੇ, ਮਾਰ ਸੁਟੋ,
ਏਦਾਂ ਰਾਜ ਨੂੰ ਹੁਕਮ ਸੁਨਾਣ ਲੱਗਾ।
ਰਾਜ ਪਿਤਾ ਦਸ਼ਮੇਸ਼ ਦੇ ਟੋਟਿਆਂ ਦੇ,
ਜਦੋਂ ਇੱਟਾਂ ਦੇ ਟੋਟੇ ਲਗਾਣ ਲੱਗਾ ।
ਅਹਿਲ ਵੇਖ ਕੇ ਸਿਦਕ ਅੰਞਾਣਿਆਂ ਦਾ,
ਉੱਚੇ ਅੰਬਰਾਂ ਨੂੰ ਕਾਂਬਾ ਆਣ ਲੱਗਾ ।
ਪਰ "ਤੂਫਾਨ" ਦੀਵਾਰ 'ਚੋਂ ਵਾਜ਼ ਆਈ,
ਮਾਤਾ ਆਖਦੀ ਇਹੋ ਪ੍ਰਣਾਮ ਸਾਡਾ।
ਮਹਿਲ ਕੌਮ ਦਾ ਚੜ੍ਹੇ ਕੁਰਬਾਨੀਆਂ ਤੇ,
ਸਾਂਭ ਰੱਖਣਾ ਸਦਾ ਪੈਗਾਮ ਸਾਡਾ ।