ਕੱਚੀਆਂ ਸੀ ਕੰਧਾਂ ਨਾ ਕੋਈ ਕੱਚ ਦੀ ਦੀਵਾਰ ਸੀ
ਪੌਣੀ ਬਾਂਹ ਦਾ ਸੂਟ ਤੇਰੇ ਨੀਂ ਹੁੰਦਾ ਫੁੱਲਦਾਰ ਸੀ
ਹੱਥਾਂ ਦੀ ਘੜਾਈ ਉਹਦੀ ਹੁੰਦੀ ਮਨ ਮੋਹਣੀ ਸੀ
ਸੱਚ ਪੁੱਛੇਂ ਓਦੋਂ ਹੀ ਪੰਜਾਬਣੇ ਤੂੰ ਸੋਹਣੀ ਸੀ
ਨੀ ਗੁੱਤਾਂ ਵਿੱਚ ਨਾਗਾਂ ਜਿਹੇ ਡੋਰੀਏ ਸੀ ਗੁੰਦਦੀ
ਸਾਦਗੀ ਹਾਂ ਤੇਰੀ ਓਦੋਂ ਨੀਂ ਦਿਲ ਨੂੰ ਸੀ ਟੁੰਬਦੀ
ਬਾਪ ਦੀ ਅਸੀਸ,ਦਾਦਾ ਦਾਦੀ ਦੀ ਪ੍ਰਾਹੁਣੀ ਸੀ
ਸੱਚ ਪੁੱਛੇਂ ਓਦੋਂ ਹੀ ਪੰਜਾਬਣੇ ਤੂੰ ਸੋਹਣੀ ਸੀ
ਜਦੋਂ ਤੇਰੀ ਅੱਡੀ ਨਾਲ ਲਾਹੌਰ ਸੀਗਾ ਹਿੱਲਦਾ
ਨੀ ਤੇਰੇ ਪਹਿਰਾਵੇ ਚੋਂ ਪੰਜਾਬ ਹੀ ਸੀ ਮਿਲਦਾ
ਉਹਨਾਂ ਸਮਿਆਂ ਚ ਕਿਰਦਾਰੋਂ ਨਾ ਤੂੰ ਬੌਣੀ ਸੀ
ਸੱਚ ਪੁੱਛੇਂ ਓਦੋਂ ਹੀ ਪੰਜਾਬਣੇ ਤੂੰ ਸੋਹਣੀ ਸੀ
ਜਦੋਂ ਗੁਰਬਾਣੀ ਨੀ ਜ਼ੁਬਾਨੀ ਤੈਨੂੰ ਯਾਦ ਸੀ
ਸੀ ਇੱਜ਼ਤ ਗ਼ਰੂਰ ਤੇਰਾ ਤੇ ਪੱਗ ਤੈਨੂੰ ਤਾਜ ਸੀ
ਦੇਸੂ ਦੀ ਕਲਮ ਗੱਲ ਚੇਤੇ ਹੀ ਕਰਾਉਣੀ ਸੀ
ਸੱਚ ਪੁੱਛੇਂ ਓਦੋਂ ਹੀ ਪੰਜਾਬਣੇ ਤੂੰ ਸੋਹਣੀ ਸੀ