ਕੜਾਕੇਦਾਰ ਠੰਡ
ਚਿੱਟੀਆਂ ਚਾਦਰਾਂ ਚ ਲਿਪਟੀਆਂ ਚੋਟੀਆਂ
ਬੇਚੈਨੀ ਦੇ ਰੂਪ ਵਿੱਚ ਕੰਬਦਾ
ਅਸਮਾਨ ਬ੍ਰਹਿਮੰਡ
ਸ਼ਿਮਲੇ
ਘਾਟੀ ਦਾ ਮਾਤਮ
ਉਚਾਈ ਉਤੇ ਝੌਂਪੜੀ ਦਾ ਵਸਿਆ ਸੰਸਾਰ ਇਕ
ਦੁਨੀਆਂ ਦਾ ਬਹਿਸ਼ਤ ਕਹਿਣ ਨੂੰ
ਉਹਦੇ ਆਪਣੇ ਹੱਥ ਨੇ
ਭਿਆਨਕਤਾ ਦਾ ਦ੍ਰਿਸ਼ ਸਿਰਜਿਆ
ਹੋਇਆ ਸੀ
ਆਪਾਂ ਕੁੱਦਰਤ ਵੀ ਕਹਿ ਲਈਦੀ ਹੈ
ਤੇ ਉਹਨੇ ਘੁੱਟ ਕੇ
ਲੰਗਾਰੀ ਕੰਬਲੀ ਮਾੜਕੂ ਜੇਹੇ
ਭੁੱਖੇ ਕੰਬਦੇ ਤਨ ਤੇ ਖਿੱਚੀ ਹੋਈ ਸੀ
ਪਹਾੜੀ ਚ ਉਹਦਾ ਬੱਚਾ
ਨਵਾਂ ਜਨਮਿਆ
ਤੜਫ ਰਹੀ ਨਵੀਂ ਰੂਹ
ਬੀਮਾਰੀ ਭੁੱਖ ਨਾਲ
ਬੇਰਹਿਮ, ਡਰਾਉਣੇ ਵਾਤਾਵਰਣ
ਅਤੇ ਡਰੀ ਹੋਈ ਯਖ਼ ਸਰਦੀ ਚ
ਅਸੀਂ ਰਲ ਕੇ ਸਾਰਿਆਂ
ਵਿਰਲਾਪ ਕੀਤਾ ਦੁਆਵਾਂ ਕੀਤੀਆਂ
ਕੰਬਦੀਆਂ ਅਵਾਜ਼ਾਂ ਹੱਥਾਂ ਚ ਘੁੱਟ ਕੇ
ਜੰਮੇ ਹੋਏ ਰੱਬ ਦੀ ਹਿੱਕ ਤੇ ਬਹਿ ਕੇ
ਅਰਸ਼ ਨੂੰ ਕਈ ਵਾਰ ਕਿਹਾ
ਚੁੱਲ੍ਹੇ ਚਮਕਦੇ ਤਾਂ ਸਨ
ਦੂਰ ਦੂਰ ਤੱਕ
ਸੱਭ ਵਿਅਰਥ ਜੇਹੇ ਲੱਗਦੇ ਸਨ
ਸ਼ਾਮ ਦੇ ਦੀਵਿਆਂ ਵਿੱਚ ਵੀ ਮਰਿਆ ੨ ਚਾਨਣ ਸੀ
ਲਾਟਾਂ ਚ ਕੰਬਣੀ
ਨਾਲ ਸਨ ਸਾਰੇ ਰੁੱਖ ਵੀ
ਭਾਵੇਂ ਦੁਆਵਾਂ ਕਰ ਰਹੇ
ਪਰ ਲੋਅ ਦਾ ਪਤਾ ਨਹੀਂ ਸੀ
ਕਦ ਮਰ ਜਾਵੇ
ਹੋਰ ਕੁੱਝ ਨਹੀਂ ਸਾਡੇ ਕੋਲ
ਸਿਰਫ ਸੁਹਾਵਣੇ ਖੇਤਰ ਨੂੰ
ਫੋਕਾ ਖੁਸ਼ ਕਰਨ ਲਈ ਉਪਰਾਲਾ ਜਿਹਾ
ਪਿਆਰ ਕਰਦੀ ਸੀ ਉਹ ਕਦੇ
ਡੇਰੇ ਦੀਆਂ ਝੌਂਪੜੀਆਂ ਦੀਆਂ ਛੱਤਾਂ ਨੂੰ
ਮਾਣ ਸੀ ਉਸਨੂੰ
ਕਦੇ ਆਵਦੇ ਗੁਆਂਢੀਆਂ ਅਤੇ
ਕਬੀਲ੍ਹੇ ਦੇ ਲੋਕਾਂ ਤੇ
ਜਿਵੇਂ ਅੱਜ ਮੈਂ ਵੀ ਦੁਆਵਾਂ ਚ ਹਾਜ਼ਰ ਸਾਂ
ਜਦੋਂ ਬਿਮਾਰ ਹੁੰਦੀਂ ਹੈ ਕਾਇਨਾਤ
ਅਸਮਾਨ ਵੀ ਪਰੇਸ਼ਾਨ ਹੋ ਜਾਂਦੇ ਨੇ
ਪਰਬਤ ਵੀ ਖੁਰਨ ਲਗਦੇ ਨੇ
ਟੁੱਟਦਿਆਂ ਤਾਰਿਆਂ ਨੂੰ
ਕੋਈ ਨਹੀਂ ਬੋਚਦਾ
ਤਸਵੀਰਾਂ ਧੁੱਪਾਂ ਡੁੱਬਦੀਆਂ ਨੂੰ
ਦੇਰ ਨਹੀਂ ਲੱਗਦੀ
ਪਲਾਂ ਵਿਚ ਹੀ
ਮਰ ਜਾਂਦੇ ਨੇ ਗੂੜ੍ਹੇ ਪਰਛਾਵੇਂ
ਝੂਠੇ ਜੇਹੇ ਵਾਅਦਿਆਂ ਵਾਂਗ
ਅਮਨ ਸ਼ਾਂਤੀ ਵੀ ਮੌਤ ਲੈ ਕੇ
ਪਾਗਲ ਹੋ ਘੁੰਮਦੀ ਹੈ ਰਾਤ
ਕਿ ਕੋਈ ਮੇਰੇ ਬੱਚੇ ਨੂੰ ਬਚਾ ਲਵੇ
ਅੱਖ ਨੂੰ ਮੱਧਮ ਕਰਨ ਲਈ
ਪ੍ਰਸ਼ਨ ਉੱਤਰ ਵੀ ਡੁੱਬਣ ਲੱਗਦੇ ਨੇ
ਮੱਥੇ ਦੀ ਧੜਕਣ ਬੰਦ ਹੋਣ ਲੱਗਦੀ
ਓਸ ਵੇਲੇ
ਚੁੱਪ ਹੋ ਜਾਂਦੇ ਨੇ
ਸੁਬਾਹ ਦੇ ਉੱਚੀ ਉੱਚੀ ਭੌਂਕਦੇ
ਧਰਮਾਂ ਦੇ ਉਪਦੇਸ਼ਾਂ ਦੇ ਸ਼ੋਰ
ਸਹਿਮ ਡਰ ਖਿਲਾਰਨ ਜੋਗੇ
ਡਰਾਕਲ ਸਵੇਰਿਆਂ ਸ਼ਾਮਾਂ ਨੂੰ
ਸੋਹਣੀਆਂ ਸੁਨੱਖੀਆਂ
ਪਰਭਾਤਾਂ ਦੀਆਂ ਅੱਖਾਂ ਵਿਚ
ਹਨ੍ਹੇਰੇ ਝੋਕਦੇ
ਠੰਡੇ ਹੋ ਜਾਂਦੇ ਹਨ
ਮਾਰਸ਼ਲ ਵਰਦੀਆਂ ਵਿੱਚ ਲਿਪਟੇ
ਪੀਲੀ ਮੌਤ
ਗਸ਼ਤ ਕਰਦੀ ਹੈ ਸਹਿਮੇ ਤੰਬੂਆਂ ਦੁਆਲੇ
ਜੰਮੀ ਹੋਈ ਖੱਡ
ਭੀੜ-ਭੜੱਕੇ ਦੇ ਅੰਦਰ
ਪ੍ਰਬਲ ਸਰਦੀ ਚ
ਅਣਗਿਣਤ ਭਿਆਨਕਤਾਵਾਂ ਨੇ
ਆ ਘੇਰਿਆ
ਹਮਲਾ ਸੀ ਕਿ
ਕੋਈ ਬਚਣ ਦਾ ਆਸਾਰ ਨਹੀਂ ਸੀ
ਅੱਧੀ ਰਾਤ ਵੇਲੇ
ਦੁੱਖਾਂ ਦਾ ਤੂਫ਼ਾਨ ਮੰਡਰਾ ਰਿਹਾ ਸੀ
ਸਿਰ ਤੇ ਇਕੱਲੀ ਮਾਂ ਨੇ ਝੱਲਣਾ ਸੀ
ਅੱਧੀ ਰਾਤ ਵੇਲੇ
ਆਜ਼ਾਦੀ ਮਨਾਉਣ ਲਈ
ਅਸਮਾਨ ਨੂੰ
ਸਾਫ਼ ਕਰਨ ਦਾ ਕੀ ਫਾਇਦਾ
ਵੱਡੇ ਵੱਡੇ ਭਾਸ਼ਣ ਕਿਹੜੇ ਕੰਮ
ਕੋਈ ਤਾਂ ਪਲ ਹੋਵੇ ਨਿਮਾਣਾ
ਸਾਡੇ ਲਈ
ਕਿ ਗ਼ੁਰਬਤ ਵੀ ਨੱਚ ਲਵੇ
ਮੁਸਕਰਾ ਲਵੇ ਘੜੀ ਪਲ
ਕਿਉਂ ਬਿਮਾਰੀਆਂ ਹੀ ਸਾਡੇ ਵਿਹੜੇ
ਕਿਉਂ ਭੁੱਖਾਂ ਹੀ ਸਾਡੇ ਮੁਕੱਦਰੀਂ
ਕਿਹੜਾ ਪਲ ਦਿਨ
ਸਾਡਾ ਆਜ਼ਾਦ
ਕਦੋਂ ਟੁੱਟਣਗੇ ਗੁਲਾਮੀ ਦੇ ਸੰਗਲ
ਹੁਣ ਤਾਂ ਸਾਡੇ ਪੈਰਾਂ ਦੇ
ਜ਼ੰਜੀਰਾਂ ਦੇ ਕੀਤੇ ਜ਼ਖਮਾਂ ਚੋਂ ਵੀ
ਲਹੂ ਚੋਅ ਚੋਅ ਜੰਮ ਗਿਆ ਹੈ
ਦੂਰ ਦੂਰ ਤੱਕ
ਯਖ਼ ਸਰਦ ਰਾਤ ਦੇ ਮੱਥੇ ਨੂੰ
ਗਰਮ ਕਿੰਜ ਕਰੀਏ
ਜਵਾਨ ਰੁੱਤ ਦੇ ਵਿਰਲਾਪ ਨੂੰ
ਕਿਹੜਾ ਦਲਾਸਾ ਦੇਵਾਂ ਸ਼ਾਂਤੀ ਦਾ