ਕਦਮ ਕਦਮ ਤੇ ਜ਼ਵਾਲ

ਕਦਮ ਕਦਮ ਤੇ ਜ਼ਵਾਲ ਆਇਆ, 

ਜ਼ਵਾਲ ਫਿਰ ਵੀ ਮੁਹਾਲ ਆਇਆ। 

ਕਠੋਰ ਰਾਹਾਂ ਤੇ ਰੋਏ ਛਾਲੇ, 

ਜਦੋਂ ਵੀ ਤੇਰਾ ਖ਼ਿਆਲ ਆਇਆ । 

ਜਿਗਰ 'ਚ ਸ਼ੁਅਲਾ, ਨਜ਼ਰ 'ਚ ਸ਼ਬਨਮ, 

ਇਹ ਗ਼ਮ ਵੀ ਤੇਰਾ ਕਮਾਲ ਆਇਆ।

ਹੈ ਕੀ ਬਲਾ ਤੇਰੀ ਅੱਖ ਦਾ ਹੰਝੂ, 

ਜੋ ਦਿਲ ਮੇਰੇ ਨੂੰ ਹੰਗਾਲ ਆਇਆ । 

ਮੇਰੀ ਸਫਲਤਾ, ਨਸੀਬ ਕਾਲਾ, 

ਜਦ ਆਇਆ ਹੋਕੇ ਦਿਆਲ ਆਇਆ। 

ਤਿਹਾਈ ਮੰਜ਼ਿਲ, ਮੈਂ ਸਾਰਾ ਪਾਣੀ 

ਹਾਂ ਰਸਤਿਆਂ ਨੂੰ ਪਿਆਲ ਆਇਆ ।

ਮੈਂ ਅਪਣੇ ਗ਼ਮ ਦੇ ਹੀ ਪੈਰ ਚੁੰਮੇ,

ਜਦੋਂ ਵੀ ਗ਼ਮ ਦਾ ਭਿਆਲ ਆਇਆ। 

ਨ ਫ਼ਰਸ਼ ਦੀਵਾ, ਨ ਅਰਸ਼ ਤਾਰਾ, 

ਮਨੁਖ ਦੇ ਚਮਕਣ ਦਾ ਕਾਲ ਆਇਆ । 

ਜ਼ਮਾਨਾ ਜਿਸ ਤੋਂ ਬਦਲ ਰਿਹਾ ਹੈ, 

ਉਹ ਹੰਝੂ ਵੀ ਬੇਮਿਸਾਲ ਆਇਆ । 

ਨਵਾਂ ਸਵੇਰਾ ਤਾਂ ਆ ਰਿਹਾ ਹੈ, 

ਨਵਾਂ ਮਨੁਖ ਵੀ ਕੀ ਨਾਲ ਆਇਆ ?

📝 ਸੋਧ ਲਈ ਭੇਜੋ