ਕਦੇ ਮਜ਼ਬੂਰੀਆਂ ਦਾ

ਕਦੇ ਮਜ਼ਬੂਰੀਆਂ ਦਾ ਵੀ ਜਿਗਰ 'ਤੇ ਭਾਰ ਹੁੰਦਾ ਹੈ।

ਘਰਾਂ ਨੂੰ ਪਰਤਣਾ ਖਾਲੀ ਬੜਾ ਦੁਸ਼ਵਾਰ ਹੁੰਦਾ ਹੈ।

ਕਦੇ ਸ਼ਬਦਾਂ ਚੋਂ ਆਉਦੀਂ ਮਹਿਕ ਤੇ ਮੁਸਕਾਨ ਫੁੱਲਾਂ ਦੀ

ਪਵੇ ਜੇ ਲੋੜ ਤਾਂ ਹਰ ਸ਼ਬਦ ਹੀ ਤਲਵਾਰ ਹੁੰਦਾ ਹੈ।

ਤਿੜਕ ਜਾਂਦੇ ਨੇ ਛੋਟੀ ਗੱਲ ਤੋਂ ਹੀ ਸਾਥ ਜਨਮਾਂ ਦੇ

ਕਦੇ ਦੋ ਪਲ ਦਾ ਰਿਸ਼ਤਾ ਖੂਬ ਹੰਢਣਸਾਰ ਹੁੰਦਾ ਹੈ।

ਪਤਾ ਲੱਗਦਾ ਨਾ ਕਿਹੜੀ ਚਾਲ ਬਾਜ਼ੀ ਹੀ ਪਲਟ ਦੇਵੇ

ਅਸੀਂ ਚਾਹੁੰਦੇ ਨਹੀਂ ਹਾਂ ਜੋ, ਉਹ ਆਖ਼ਰਕਾਰ ਹੁੰਦਾ ਹੈ।

ਅਨਾੜੀ ਹੀ ਰਹੇ ਹਾਂ ਉਮਰ ਭਰ, ਸਾਥੋਂ ਨਾ ਕਰ ਹੋਇਆ

ਬੜਾ ਸੁਣਿਐ ਕਿ ਸ਼ਬਦਾਂ ਦਾ ਵੀ ਕਾਰੋਬਾਰ ਹੁੰਦਾ ਹੈ।

ਇਹ ਸਹਿਮਤ ਹੋ ਹੀ ਜਾਂਦੈ ਦੂਜਿਆਂ ਦੇ ਨਾਲ ਤਾਂ ਅਕਸਰ

ਹਮੇਸ਼ਾ 'ਮਾਨ' ਦਾ ਖ਼ੁਦ ਨਾਲ ਹੀ ਤਕਰਾਰ ਹੁੰਦਾ ਹੈ।

📝 ਸੋਧ ਲਈ ਭੇਜੋ