ਕਦੇ ਫੁੱਲ ਬਣਕੇ ਖਿੜ ਪਿਆ ਕਦੇ ਰੇਤ ਹੋ ਗਿਆ।
ਇਕ ਸ਼ਖ਼ਸ ਅਪਣੇ ਖੇਤ ਦੇ ਵਿਚ ਖੇਤ ਹੋ ਗਿਆ।
ਮੰਡੀ ਨੂੰ ਫ਼ਸਲ ਤੁਰ ਗਈ ਬਾਹਾਂ ‘ਥਰੈਸ਼ਰ’ ਨਾਲ,
ਜੇ ਹਾਦਸਾ ਹੋਇਆ ਵੀ ਤਾਂ ਕਿਸ ਹੇਤ ਹੋ ਗਿਆ?
ਪੱਤਝੜ 'ਚ ਪਾਣੀ ਲਾ ਗਈ ਭੋਏਂ ਨੂੰ ਕਿਸਦੀ ਯਾਦ,
ਫੱਗਣ ਤੋਂ ਪਹਿਲਾਂ ਹੀ ਬਿਰਖ਼ ਹੈ ਚੇਤ ਹੋ ਗਿਆ।
ਜਦ ਫੈਲਿਆ ਤਾਂ ਬਣ ਗਿਆ ਇਕ ਆਸਮਾਨ ਉਹ,
ਫਿਰ ਗੁੰਮ ਹੋਣਾ ਓਸਦਾ ਇਕ ਭੇਤ ਹੋ ਗਿਆ।
ਮੈਂ ਜਿਸ ਦੀਵਾਰ ਨਾਲ ਸੀ ਲੱਗਕੇ ਕਦੇ ਖੜ੍ਹਾ,
ਉਸ ਨਾਲ ਲੱਗਾ ਰਹਿ ਗਿਆ ਤੇ ਰੇਤ ਹੋ ਗਿਆ।
ਚਹਿਕੀ ਚਿੜੀ, ਤਾਰੇ ਛੁਪੇ, ਚੱਲੀ ਪੁਰੇ ਦੀ ’ਵਾ,
ਸੂਰਜ ਉਦੈ ਹੋਵਣ ਦਾ ਹੈ ਸੰਕੇਤ ਹੋ ਗਿਆ।