ਕਦੇ ਸੁਪਨੇ ਵੀ ਸੱਚ ਹੋਏ ਤੁਸੀਂ ਪਰ ਭੁੱਲ ਜਾਂਦੇ ਹੋ ।
ਕਦੇ ਇਹ ਹਾਦਸੇ ਮੋਏ ਤੁਸੀਂ ਪਰ ਭੁੱਲ ਜਾਂਦੇ ਹੋ ।
ਮਨ੍ਹਾਂ ਕੀਤਾ ਇਵੇਂ ਨਾ ਸਾਂਭ ਕੇ ਰੱਖਿਆ ਕਰੋ ਜੁਗਨੂੰ,
ਇਵੇਂ ਨਾ ਰੌਸ਼ਨੀ ਹੋਏ ਤੁਸੀਂ ਪਰ ਭੁੱਲ ਜਾਂਦੇ ਹੋ।
ਤੁਹਾਡੀ ਯਾਦਦਾਸ਼ਤ 'ਤੇ ਗਿਲਾ ਕਰੀਏ ਤਾਂ ਕੀ ਕਰੀਏ,
ਤੁਰੇ ਸਾਂ ਕੁਛ ਕਦਮ ਦੋਏ ਤੁਸੀਂ ਪਰ ਭੁੱਲ ਜਾਂਦੇ ਹੋ ।
ਇਨ੍ਹਾਂ ਦੇ ਸਾਹਮਣੇ ਰੱਖੋ ਨਾ ਅਪਣੀ ਦੁੱਖ-ਭਰੀ ਗਾਥਾ,
ਭਲਾ ਪੱਥਰ ਕਦੇ ਰੋਏ ਤੁਸੀਂ ਪਰ ਭੁੱਲ ਜਾਂਦੇ ਹੋ ।
ਸਦਾ ਅਣ-ਗੌਲਿਆ, ਅਣ-ਦਿਖਿਆ ਹੁੰਦਾ ਹੈ 'ਇਕਵਿੰਦਰ',
ਨਵਾਂ ਹਰ ਹਾਦਸਾ ਹੋਏ ਤੁਸੀਂ ਪਰ ਭੁੱਲ ਜਾਂਦੇ ਹੋ ।
ਇਹ ਜੀਵਨ ਹੈ ਈ ਥਲ ਵਰਗਾ ਜਿਦ੍ਹੇ ਅੰਦਰ ਹੈ 'ਇਕਵਿੰਦਰ',
ਕਿਤੇ ਟਿੱਬੇ ਕਿਤੇ ਟੋਏ ਤੁਸੀਂ ਪਰ ਭੁੱਲ ਜਾਂਦੇ ਹੋ।