ਕਦੇ ਵੱਖ ਹੋ ਕੇ ਦੇਖੀਂ

ਕਦੇ ਵੱਖ ਹੋ ਕੇ ਦੇਖੀਂ

ਆਪਣੀ ਨੀਂਹ ਤੇ ਦੀਵਾਰਾਂ 'ਤੋਂ

ਬਾਪੂ ਦੀ ਘਨੇੜੀ ਤੇ ਮਾਂ ਦੀ ਲੋਰੀ 'ਤੋਂ

ਦੇਖੀਂ ਕਿੰਜ ਲਗਦਾ ਹੈ

ਟੋਟੇ ਟੋਟੇ ਹੋਇਆ ਅਸਮਾਨ ਤੇ ਪੂਰਾ ਜਹਾਨ

ਕਦੇ ਸਹੁਰੇ ਆਈ ਮੁਟਿਆਰ ਨੂੰ

ਦੋ ਚਾਅ ਪੁੱਛੀਂ

ਜਿੰਨਾ ਚਿਰ ਰਾਤ ਮਾਹੀ ਦੀਆਂ ਬਾਹਾਂ 'ਚ ਨਹੀਂ ਖੁਰਦੀ

ਪਲਕਾਂ ਤੇ ਜਗਾਇਆ ਚੰਨ ਅੱਖ ਭਰਕੇ ਨਹੀਂ ਤੱਕਦਾ

ਨਿੱਕੀ ਨਿੱਕੀ ਗੱਲ ਤੇ ਦੁਨੀਆਂ ਨਹੀਂ ਹੱਸਦੀ

ਬਾਬਲ ਦੇ ਵਿਹੜੇ ਦਾ ਹਾਉਕਾ

ਤੇ ਗੁੱਡੀਆਂ ਪਟੋਲਿਆਂ ਦਾ

ਵਿਲਕਣਾ ਕਦੇ ਬਨੇਰੇ 'ਤੇ ਚੜ੍ਹ ਕੇ ਤੱਕੀਂ

ਸ਼ਾਮ ਨੂੰ ਪੁੱਛੀਂ ਕਿ ਕਿਉਂ ਨਹੀਂ ਪਏ ਅਜੇ ਅੰਬਾਂ ਨੂੰ ਬੂਰ

ਕਦ ਹੂਕ ਜੇਹੀ ਬਣ ਕੇ

ਕੂਕੇਗੀ ਟਹਿਣੀ 'ਤੇ ਕੋਇਲ ਮਰ ਜਾਣੀ

ਕਦੇ ਯਾਦ ਤਾਂ ਕਰੀਂ

ਵਿਹੜੇ 'ਚ ਖੇਡਿਆ ਅੱਡਾ ਖੱਡਾ

ਤੇ ਦਸੂਤੀ 'ਤੇ ਕੱਢੇ ਮੋਰ ਤੋਤੇ

ਫੁੱਲਾਂ ਦੀ ਮਹਿਕ ਛੱਡ ਕੇ

ਕਿਤਿਓਂ ਹੋਰ ਮਹਿਕਾਂ ਲੱਭਣੀਆਂ

ਹਿਰਨੀਆਂ ਦੀ ਅੱਖਾਂ 'ਚ ਨਹੀਂ ਹੁੰਦਾ

ਬਨੇਰਿਆਂ 'ਤੇ ਰਹਿ ਗਏ

ਜਗਦੇ ਤਾਰਿਆਂ ਦੀ ਲੋਅ 'ਚ ਹੀ

ਰਹਿ ਜਾਂਦੀ ਹੈ ਸਾਰੀ ਰੁੱਤ ਦਾ ਕੱਤਿਆ

ਜਦੋਂ ਕੁਆਰੀ ਹਵਾ ਨੂੰ ਵਟਣਾ ਛੁੰਹਦਾ ਹੈ

ਮਹਿੰਦੀ ਦੀ ਖੁਸ਼ਬੂ

ਤਲੀਆਂ 'ਤੇ ਸ਼ਿੰਗਾਰ ਬਣ ਖਿੜਦੀ ਹੈ

ਅੰਗਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦਾ ਹੈ

ਕਿਸੇ ਨੇੜੇ ਦੇ ਪਿੰਡ ਦੇ ਗੱਭਰੂ 'ਤੇ ਹੂਕ ਦਾ ਪ੍ਰਛਾਵਾਂ

ਕਿਸੇ ਚੰਨ ਜੇਹੇ ਦਾ ਨਾਂ ਲਿਖਿਆ ਜਾਂਦਾ ਹੈ

ਉਨੀਂਦਰੀਆਂ ਰਾਤਾਂ ਦੇ ਸਰ੍ਹਾਣਿਆਂ 'ਤੇ

ਓਦੋਂ ਨਾ ਤਾਂ ਫਿਰ ਰਾਤ ਦੀ ਚੁੱਪ ਸੌਣ ਦਿੰਦੀ ਹੈ

ਨਾ ਹੀ ਅੰਗੜਾਈਆਂ 'ਚੋਂ ਮਿਲਣ ਦਾ ਗੀਤ ਮੁੱਕਦਾ ਹੈ

ਚਾਅ ਤਾਂ ਦੋਨੋਂ ਦਰਾਂ 'ਤੇ ਹੁੰਦੇ ਹਨ

ਗੱਲ ਇਕ ਹੀ ਸ਼ਾਮ ਦੀ

ਪਰਤ ਦਾ ਓਹਲਾ ਹੀ ਹੁੰਦਾ ਹੈ

ਸਿਰ ਤੋਂ ਪਿਛਾਂਹ ਸੁੱਟਿਆ

ਚਿੱਟੇ ਚੌਲ਼ਾਂ ਦਾ ਇਤਿਹਾਸ ਹੀ ਲਿਖਿਆ ਜਾਂਦਾ ਹੈ

ਰਾਹਾਂ 'ਤੇ ਕੁਝ ਬਾਹਾਂ ਤੇ

ਇਕ ਦਰ ਹਾਉਕਿਆਂ ਦੇ ਵਿਛੋੜੇ ਨਾਲ

ਦਿਨ ਕਟੀ ਕਰਦਾ ਹੈ

ਦੂਸਰੀ ਸਰਦਲ

ਨੇੜੇ ਬਹਿ ਭਾਬੀ ਚਾਚੀ ਤੇ ਮਾਮੀ

ਕਹਿਣ ਲਗਦੀ ਹੈ

ਇਕ ਮਾਂ ਪਿਓ ਵਿਯੋਗ ਨੂੰ

ਹਿੱਕ ਤੇ ਰੱਖ ਕੇ ਸੌਂਦਾ ਹੈ

ਦੂਸਰਾ ਕੱਚੇ ਦੁੱਧ ਦੇ ਵਾਰਨੇ ਕਰ ਕਰ

ਜਹਾਨ ਤੋਂ ਖੁਸ਼ੀਆਂ ਕਰਦਾ ਹੈ 'ਕੱਠੀਆਂ

ਦਾਰੂ ਦੇ ਲੋਰ 'ਚ ਵਿਹੜਾ ਪੁੱਟਦਾ ਹੈ

ਕਿਸੇ ਪਿੰਡ ਦੀ ਲਿਆਂਦੀ ਖੁਸ਼ੀ

ਅੰਬਰ ਨੂੰ ਦੱਸ ਦੱਸ ਹੱਸਦਾ ਹੈ

ਵੱਡੇ ਵੱਡੇ ਪਾਉਂਦਾ ਹੈ ਪੈੱਗ ਵਲੈਤੀ ਦਾਰੂ ਦੇ

ਪਿਆਉਂਦਾ ਹੈ ਆਏ ਗਏ

ਯਾਰਾਂ ਰਿਸ਼ਤੇਦਾਰਾਂ ਨੂੰ

ਸ਼ਰੀਕਾਂ ਦੀ ਅੱਖ 'ਚ

ਕਸੀਰ ਵਾਂਗ ਚੁੱਭਦਾ ਹੈ ਹਨੇਰੇ ਸਵੇਰੇ

ਇਕ ਚੁੱਲ੍ਹੇ 'ਤੇ ਰੀਝਾਂ ਪੱਕਦੀਆਂ ਹਨ

ਚਾਅ ਗੁੰਦੇ ਜਾਂਦੇ ਹਨ

ਵਿਹੜੇ 'ਚ ਭੰਗੜਾ ਤੇ ਗਿੱਧਾ ਵਿਛਦਾ ਹੈ

ਦੂਸਰਾ ਘਰ ਧੀ ਦਾਜ ਦੇ ਕੇ ਵੀ

ਨਿੰਵਦਾ ਹੈ ਸਾਰੀ ਉਮਰ

ਧੀ ਦੇ ਪਿੰਡ ਤੋਂ ਇਕ ਠੰਢੀ 'ਵਾ ਦਾ ਬੁੱਲਾ ਮਾਨਣ ਲਈ

ਕੱਲ ਦੇ ਬੇਗਾਨਿਆਂ ਨੂੰ

ਆਪਣਾ ਕਹਿਣਾ ਪੈਂਦਾ ਹੈ

ਨਵੇਂ ਪਿੰਡ ਦਾ ਰਾਹ ਅਪਨਾਉਣਾ ਪੈਂਦਾ ਹੈ

ਪਿੰਡ 'ਚ ਗੱਲਾਂ ਹੁੰਦੀਆਂ ਹਨ ਨਵੀਂ ਬਹੂ ਦੀਆਂ

ਸ਼ਗਨ ਤਾਰੇ ਬਣ ਬਣ ਕਿਰਦੇ ਹਨ

ਸੁਬਾ੍ਹ 'ਚ ਜਪੁਜੀ ਦੇ ਪੰਨੇ ਪਰਤੇ ਜਾਂਦੇ ਹਨ

ਸ਼ਾਮ ਰਹਿਰਾਸ ਨਾਲ ਸੰਤੋਖ਼ੀ ਜਾਂਦੀ ਹੈ

ਦੂਰ ਕਿਤੇ ਮਾਂ ਧੀ ਦੇ ਸੁਖੀ ਵਸਣ ਦੀ

ਅਰਦਾਸ ਕਰਦੀ ਹੈ ਸਭਿਆਚਾਰ ਉੱਸਰਦਾ ਹੈ

ਜੇ ਸੂਰਜ ਕੱਢਦਾ ਰਹੇ ਗੇੜ੍ਹੇ

ਤਾਂ ਜਹਾਨ ਟੁਰਦਾ ਹੈ

ਇਕ ਦੁਨੀਆਂ ਵਸਦੀ ਹੈ

ਤਾਰੀਖ ਬਣਦੀ ਹੈ

ਨਵਾਂ ਘਰ ਖੜ੍ਹਾ ਹੁੰਦਾ ਹੈ

ਆਪਣੀਆਂ ਨੀਹਾਂ ਦੀਵਾਰਾਂ ਪਛਾਣਦਾ ਭਾਲਦਾ ਹੈ

ਰਾਤਾਂ 'ਚੋਂ ਨਵਾਂ ਚੰਨ ਲੱਭਦਾ ਹੈ

ਲੋਰੀਆਂ 'ਚੋਂ ਸੁਹਾਗ ਖਿੜਦੇ ਹਨ

ਗੋਲੂ ਜੇਹੇ ਗੀਗੇ ਦੀ ਆਸ ਬੱਝਦੀ ਹੈ

ਰੋਟ ਵੰਡੇ ਜਾਂਦੇ ਹਨ

ਖਿਡੌਣਿਆਂ ਦੀਆਂ ਭੁੱਖਾਂ ਮੰਗੀਆਂ ਜਾਂਦੀਆਂ ਹਨ

ਕਿੱਲੀਆਂ 'ਤੇ ਸੁੱਖਾਂ ਟੰਗੀਆਂ ਜਾਂਦੀਆਂ ਹਨ

📝 ਸੋਧ ਲਈ ਭੇਜੋ