ਕਦੀ ਹੋਵੇ ਤੇ, ਕੋਈ ਇਨਸਾਨ ਦੇਖਾਂ ।
ਅਪਣੇ ਸ਼ੌਕ ਦਾ ਇਹ ਸਾਮਾਨ ਦੇਖਾਂ ।
ਦੂਜੇ ਘਰਾਂ ਨੂੰ ਜੇ ਕਰ ਦੇਖਣੇ ਤੋਂ-
ਮਿਲੇ ਵਿਹਲ, ਤੇ ਅਪਣਾ ਮਕਾਨ ਦੇਖਾਂ ।
ਕਿੱਥੇ ਪੁੱਜਿਆ ਏ ਸੂਰਜ ਸੱਧਰਾਂ ਦਾ ?
ਬੱਦਲ ਹਟਣ, ਤੇ ਫੇਰ ਅਸਮਾਨ ਦੇਖਾਂ ।
ਮਾਲੀ ਲੱਗੇ ਨੇ ਖੌਰੇ ਕੰਮ ਕਿਹੜੇ ?
ਉਜੜੇ ਬਾਗਾਂ ਨੂੰ, ਹੋ ਹੈਰਾਨ, ਦੇਖਾਂ ।
ਜਿਹੜੇ ਮੰਜ਼ਲਾਂ 'ਤੇ ਸਾਨੂੰ ਲੈ ਜਾਵਣ,
ਕਿੱਥੇ ਕਦਮਾਂ ਦੇ ਉਹੋ ਨਿਸ਼ਾਨ ਦੇਖਾਂ ?
ਕਰੇ ਐਸ਼ ਕੋਈ, ਕੋਈ ਮਰੇ ਭੁੱਖਾ,
ਸੋਹਣੇ ਰੱਬ ਦੀ ਮੈਂ ਇਹ ਸ਼ਾਨ ਦੇਖਾਂ ।
ਖੋਟੇ ਕਿਉਂ 'ਰਹੀਲ' ਨੇ ਬਣੇ ਨੇਤਾ,
ਹੱਥ ਜਿਨ੍ਹਾਂ ਦੇ ਵਿੱਚ ਕੁਰਆਨ ਦੇਖਾਂ ।