ਕਦੀ ਇੰਜ ਵੀ ਵਕਤ ਕੱਟਦੇ ਰਹੇ,
ਤੇਰਾ ਨਾਮ ਦਿਨ ਰਾਤ ਰੱਟਦੇ ਰਹੇ।
ਬੜੀ ਸਖ਼ਤ ਸੀ ਜਾਨ ਬਚਦੀ ਰਹੀ,
ਕਈ ਵਾਰ ਮੌਹਰਾ ਵੀ ਚੱਟਦੇ ਰਹੇ।
ਨਹੀਂ ਸੁੱਖ ਮਿਲਿਆ ਤੇਰੇ ਇਸ਼ਕ 'ਚੋਂ,
ਅਸੀਂ ਸਿਰਫ਼ ਇਲਜ਼ਾਮ ਖੱਟਦੇ ਰਹੇ।
ਕਈ ਵਾਰ ਤੈਨੂੰ ਮਿਲਣ ਆਏ ਪਰ,
ਤੇਰੇ ਘਰ ਦੇ ਲਾਗੋਂ ਪੱਲਟਦੇ ਰਹੇ।
ਬਹੁਤ ਪਹਿਲਾਂ ਹੋ ਜਾਣਾ ਸੀ ਟਾਕਰਾ,
ਅਸੀਂ ਹੀ ਰਤਾ ਲਾਂਭੇ ਹੱਟਦੇ ਰਹੇ।
ਤੂੰ ਸਾਡੀ ਕਿਤੇ ਵੀ ਨਾ ਹਾਮੀ ਭਰੀ,
ਅਸੀਂ ਤੇਰੇ ਲਈ ਹਰ ਥਾਂ ਡੱਟਦੇ ਰਹੇ।