ਕਦੀ ਕਦਾਈ ਵੀ ਉਹ ਸੱਜਣ

ਕਦੀ ਕਦਾਈ ਵੀ ਉਹ ਸੱਜਣ ਹੁਣ ਨਹੀਂ ਮਿਲਦੇ ਜੁਲਦੇ ।

ਝੱਖੜ ਗ਼ਮ ਦੇ ਚਾਰ-ਚੁਫ਼ੇਰੇ ਹੁਣ ਵੀ ਰਹਿੰਦੇ ਝੁਲਦੇ ।

ਕਿੱਡੇ ਪਿਆਰ ਭਰੇ ਉਹ ਦਿਨ ਸੀ ਮੇਲ ਮਿਲਾਪਾਂ ਵਾਲੇ,

ਟੁਰ ਤੇ ਗਏ ਪਰ ਯਾਦਾਂ ਛੱਡ ਗਏ ਉਹ ਵੇਲੇ ਨਹੀਂ ਭੁੱਲਦੇ ।

ਬਹਿਰ ਗ਼ਮਾਂ ਵਿਚ ਰੋੜ੍ਹ ਕੇ ਸਾਨੂੰ ਆਪ ਤੇ ਹੋ ਗਏ ਰਾਹੀ,

ਉਨ੍ਹਾਂ ਬਾਝੋਂ ਅੱਖਾਂ ਵਿੱਚੋਂ ਛਮ-ਛਮ ਹੰਝੂ ਡੁੱਲ੍ਹਦੇ ।

ਮਿਲੇ ਜਿਨ੍ਹਾਂ ਨੂੰ ਦਰਦ ਖ਼ਜ਼ਾਨੇ ਤੇਰੇ ਸੋਜ਼ ਫ਼ਿਰਾਕੋਂ,

ਦਿਲ ਉਨ੍ਹਾਂ ਦੇ ਕਾਅਬੇ ਵਰਗੇ ਬੇਦਰਦੇ ਕਿਸ ਮੁੱਲ ਦੇ,

ਮੇਰੀ ਰੰਗਤ ਤੇ ਖ਼ੁਸ਼ਬੂ ਦਾ ਕੌਣ ਭੁਲੇਖਾ ਖਾਂਦਾ,

ਸੀਨੇ ਵਿਚ ਜੇ ਹਿਜਰ ਤੇਰੇ ਦੇ ਫੁੱਲ ਗੁਲਾਬ ਨਾ ਫੁੱਲਦੇ ।

ਉਹਲੇ ਜਗ ਤੋਂ ਹੋ ਗਏ ਭਾਵੇਂ ਸਾਹਵਾਂ ਦੇ ਵਿਚ ਵਸਦੇ,

ਯਾਦ ਕਰਾਂ ਜਿਸ ਵੇਲੇ 'ਸ਼ਾਕਿਰ' ਦਿਲ ਦੇ ਬੂਹੇ ਖੁੱਲ੍ਹਦੇ ।

📝 ਸੋਧ ਲਈ ਭੇਜੋ