ਕਦੀ ਕਦੀ ਲਗਦਾ ਸੀ
ਮੈਂ ਇਕ ਮਕਾਨ ਹਾਂ
ਬਾਹਰ ਦਰਵਾਜ਼ਾ ਹੈ ਖੁਲ੍ਹਾ ਚੁਫਾਲ
ਜਿਸ ਦਾ ਜੀ ਚਾਹੁੰਦਾ ਹੈ
ਬਿਨਾ ਦਸਤਕ ਅੰਦਰ ਚਲਾ ਆਉਂਦਾ ਹੈ
ਆਪਣਾ ਹੀ ਜਾਣ ਕੇ
ਆਪਣੀ ਮਰਜ਼ੀ ਦੀ ਕੋਈ ਖਿੜਕੀ ਖੋਲ੍ਹ ਲੈਂਦਾ ਹੈ
ਦੀਵਟ ਤੇ, ਜੀ ਚਾਹੇ ਤਾਂ, ਦੀਵਾ ਜਗਾ ਲੈਂਦਾ ਹੈ
ਦੀਵਾ ਬੁਝਾ ਦੇਂਦਾ ਹੈ
ਮੇਜ਼ ਤੇ ਪਿਆ ਕੋਈ ਖ਼ਤ ਪੜ੍ਹ ਲੈਂਦਾ ਹੈ
ਜਾਂ ਮੇਰੀ ਡਾਇਰੀ ਤੇ
ਅਜ ਦਾ ਸਫ਼ਾ ਲਿਖ ਦੇਂਦਾ ਹੈ
ਤਿੱਖੀ ਤੱਤੀ ਰੋਸ਼ਨੀ, ਗੂੜ੍ਹਾ ਹਨੇਰਾ ਜਾਂ ਮੱਧਮ ਜੇਹੀ ਲੋਅ
ਇਹ ਸਭ ਸ਼ੇਡ ਨੇ ਉਹਦੀ ਗਲਬਾਤ ਦੇ
ਤੇ ਸਮਾਂ ਪਲ ਛਿਣ ਨਿੱਕੇ ਵੱਡੇ ਜਾਮ ਨੇ
ਨਿੱਕੀ ਨਿੱਕੀ ਚੁਸਕੀ
ਜਾਂ ਵੱਡੇ ਵੱਡੇ ਘੁਟ ਜਿਵੇਂ ਚਾਹੁੰਦੇ ਹਾਂ ਪੀਂਦੇ ਹਾਂ
ਇਕ ਦੂਜੇ ਦੇ ਪਿੰਡੇ ਚੋਂ
ਜਿਵੇਂ ਜੀ ਚਾਹੇ ਲੰਘਦੇ ਹਾਂ
ਝਿਲਮਿਲੀ ਰਾਤ ਵਿਚ ਠੰਡੀ ਪਈ ਝੀਲ
ਦੂਰ ਹੋਰ ਦੂਰ ਅਸੀਂ ਤੁਰਦੇ ਤੁਰੇ ਜਾਂਦੇ ਹਾਂ
ਛਪ ! ਛਪ ! ਛਪ ! ਛਪ !
ਹੁਣ ਕਦੀ ਲਗਦਾ ਹੈ
ਬਾਹਰੋਂ ਕਿਸੇ ਬੂਹਾ ਬੰਦ ਕਰ ਦਿੱਤਾ ਹੈ
ਜਾਂ ਸ਼ਾਇਦ ਬਾਹਰ ਸੜਕਾਂ ਹੀ ਸੁੰਨੀਆਂ ਨੇ
ਆਵਾਜਾਈ ਦਾ ਰਿਵਾਜ਼ ਖ਼ਤਮ ਹੈ ਕਾਨੂੰਨਨ
ਹੁਣ ਮੈਂ ਸਿਰਫ਼ ਖੂਹੀ ਹਾਂ
ਹੇਠਾਂ ਪਾਣੀ ਬਹੁਤ ਦੂਰ
ਉਪਰ ਅੰਬਰ ਦਾ ਨਿੱਕਾ ਜਿਹਾ ਟੋਟਾ
ਸੂਰਜ ਚੰਦਰਮਾ
ਸੱਜੇ ਜਾਂ ਖੱਬੇ ਆ ਕੇ ਲੰਘ ਜਾਂਦੇ ਨੇ
ਉਨ੍ਹਾਂ ਦੀ ਸਿਰਫ਼ ਇਤਲਾਅ ਹੀ ਦਿਸਦੀ ਹੈ
ਆਪ ਉਹ ਨਜ਼ਰ ਨਹੀਂ ਆਉਂਦੇ
ਕੋਈ ਨਹੀਂ ਆਇਆ-ਗਿਆ
ਬੋਲਦਾ-ਚਾਲਦਾ
ਖੂਹੀ 'ਚੋਂ ਖੁਲ੍ਹਣਜੋਗ ਖਿੜਕੀ ਨਹੀਂ ਕੋਈ
ਜਗਣਜੋਗ ਬੁਝਣਜੋਗ ਦੀਵਾ ਵੀ ਕੋਈ ਨਹੀਂ
ਅਪਣੇ 'ਚ ਗ਼ਰਕ
ਮੈਂ ਕੱਲਾ
ਹੋਰ ਕੋਈ ਨਹੀਂ
ਕਦੀ ਕਦੀ ਲਗਦਾ ਸੀ
ਹੁਣ ਕਦੀ ਲਗਦਾ ਹੈ