ਕਦੀ ਨਿਸ਼ਪਾਪ ਏਨਾਂ

ਕਦੀ ਨਿਸ਼ਪਾਪ ਏਨਾਂ, ਜਿਉਂ ਪੈਗ਼ੰਬਰ ਦੀ ਦੁਆ ਹੁੰਦਾਂ

ਕਦੀ ਬਾਜ਼ਾਰ ਵਿੱਚ ਬੈਠੀ, ਤਵਾਇਫ਼ ਦੀ ਅਦਾ ਹੁੰਦਾਂ । 

ਕਦੀ ਮਾਨਵ, ਕਦੀ ਦਾਨਵ, ਕਦੀ ਮੈਂ ਦੇਵਤਾ ਹੁੰਦਾ । 

ਮੈਂ ਕੀ ਹਾਂ ? ਕਿਸ ਤਰ੍ਹਾਂ ਦੱਸਾਂ ਮੈਂ ਹਰ ਪਲ ਬਦਲਿਆ ਹੁੰਦਾਂ

ਖ਼ੁਦਾ! ਜੇ ਹੋ ਸਕੇ ਤਾਂ, ਮਾਫ਼ ਕਰ ਦੇਵੀਂ ਗੁਨਾਹ ਮੇਰਾ, 

ਮੈਂ ਕੀ ਹਾਂ ਦੇਖਦਾ ? ਕੀ ਬੋਲਦਾ ? ਕੀ ਸੋਚਦਾ ਹੁੰਦਾਂ ?

ਹਜ਼ਾਰਾਂ ਜਿਸਮ ਮੇਰੇ ਜ਼ਿਹਨ ਵਿੱਚ, ਇੱਕ ਜਿਸਮ ਬਾਹਾਂ ਵਿੱਚ, 

ਵਫ਼ਾ ਦੀ ਆੜ ਵਿੱਚ, ਆਵਾਰਗੀ ਦੀ ਇੰਤਹਾ ਹੁੰਦਾਂ।

ਕਦੇ ਹੁੰਦਾਂ ਨਜ਼ਾਰਾ ਮੈਂ, ਕਿਸੇ ਬੇਜੋੜ ਦੇ ਸਾਹਵੇਂ, 

ਕਦੇ ਗੂੰਗੇ ਦੇ ਮਨ ਵਿੱਚ, ਛਟਪਟਾਂਦਾ ਵਲਵਲਾ ਹੁੰਦਾਂ

ਸਮੁੰਦਰ ਹਾਂ, ਮਿਲੀ ਗਹਿਰਾਈ ਦਾ ਕਰਜ਼ਾ ਉਤਾਰਨ ਨੂੰ, 

ਕਿਨਾਰੇ ‘ਤੇ, ਮੈਂ ਸਭ ਦੇ ਪੈਰ ਮਲ ਮਲ ਧੋ ਰਿਹਾ ਹੁੰਦਾਂ

ਬਸ਼ਿੰਦਾ ਹਾਂ, ਮੈਂ ਕਿਹੜੇ ਮੁਲਕ ਦਾ ? ਇਹ ਦਸਦਿਆਂ ਮੈਨੂੰ, 

ਇਵੇਂ ਲੱਗੇ, ਜਿਵੇਂ ਬਦਨਾਮ ਬਸਤੀ ਦਾ ਪਤਾ ਹੁੰਦਾਂ

📝 ਸੋਧ ਲਈ ਭੇਜੋ