ਕਦੀ ਤਾਂ ਅੜਿਆ ਅਸਾਨੂੰ ਯਾਦ ਕਰ,
ਉਜੜਦੇ ਦਿਲ ਬਾਗ਼ ਨੂੰ ਆਬਾਦ ਕਰ।
ਪਿਆਰ ਦੀ ਬੋਲੀ ਅਸੀਂ ਹਾਂ ਬੋਲਦੇ,
ਨਫ਼ਰਤਾਂ ਵਿੱਚ ਇਸਦਾ ਨ ਅਨੁਵਾਦ ਕਰ।
ਦੂਰ ਜਾਕੇ ਤੂੰ ਅਸਾਂ ਨੂੰ ਭੁੱਲ ਗਿਓਂ,
ਕੀਮਤੀ ਇਹ ਉਮਰ ਨ ਬਰਬਾਦ ਕਰ।
ਹਿਜਰ ਦੇ ਪਿੰਜਰੇ 'ਚ ਇਹ ਰੂਹ ਕੈਦ ਹੈ,
ਮਰ ਨ ਜਾਏ ਆਣ ਕੇ ਆਜ਼ਾਦ ਕਰ।
ਸਾਇੰਸਦਾਂ ਦਾ, ਵਿਛੜਿਆਂ ਤਰਲਾ ਲਿਆ,
"ਜੋੜ ਦੇ ਦੋ ਦਿਲ ਉਹ ਕਲ ਈਜਾਦ ਕਰ।
ਜਾਣ ਦੇ ਹੋਈ ਖ਼ਤਾ 'ਅਮਰੀਕ' ਤੋਂ,
ਦੂਰ ਦਿਲ ਤੋਂ ਬੇ-ਰੁਖੀ ਦੀ ਗਾਦ ਕਰ।