ਕਦੀ ਵਸਲਾਂ ਦੀ ਫੁਰਸਤ ਹੋਏਗੀ ਪਰ ਤੂੰ ਨਾ ਹੋਵੇਂਗੀ ।
ਹਯਾਤੀ ਖ਼ੂਬਸੂਰਤ ਹੋਏਗੀ ਪਰ ਤੂੰ ਨਾ ਹੋਵੇਂਗੀ ।
ਪਤਾ ਹੈ, ਕੂੜ ਦੀ ਪ੍ਰਧਾਨਗੀ ਦੁਖਦੀ ਬੜਾ ਤੈਨੂੰ,
ਕਦੀ ਹਰਸੂ ਹਕੀਕਤ ਹੋਏਗੀ ਪਰ ਤੂੰ ਨਾ ਹੋਵੇਂਗੀ ।
ਪਸੀਨੇ ਖ਼ੂਬ ਛੁੱਟਣਗੇ ਸ਼ਰੀਕਾਂ ਨੂੰ ਮੇਰੇ ਸਾਹਵੇਂ,
ਬੜੀ ਮੇਰੇ 'ਚ ਜੁਰਅਤ ਹੋਏਗੀ ਪਰ ਤੂੰ ਨਾ ਹੋਵੇਂਗੀ।
ਕਦੀ ਉਹ ਵਕਤ ਵੀ ਆਵੇਗਾ ਇਹ ਵਿਸ਼ਵਾਸ ਹੈ ਮੈਨੂੰ,
ਮੁਹੱਬਤ ਦੀ ਇਜਾਜ਼ਤ ਹੋਏਗੀ ਪਰ ਤੂੰ ਨਾ ਹੋਵੇਂਗੀ ।
ਮੈਂ ਤੈਨੂੰ ? ਪੁਕਾਰਾਂਗਾ ਘੜੀ ਜਦ ਆਖ਼ਰੀ ਆਈ,
ਬੜੀ ਤੇਰੀ ਜ਼ਰੂਰਤ ਹੋਏਗੀ ਪਰ ਤੂੰ ਨਾ ਹੋਵੇਂਗੀ।