ਕਦੀ ਵਿਚਾਰੇ ਰੁਖੜਾ

ਬਹੁਤ ਰੁੱਖਾ ਹੈ ਅੱਜ ਦਾ ਮੌਸਮ 

ਚੌਹੀਂ ਪਾਸੀਂ ਫਿਜ਼ਾ 'ਚ ਖ਼ੁਸ਼ਕੀ ਹੈ। 

ਧਰਮ ਆਬੇਹਯਾਤ ਵੰਡਦੀ ਸੀ, 

ਅੱਜ ਜ਼ਿੰਦਗੀ ਨੂੰ ਸਿਉਂਕ ਖਾ ਰਹੀ ਹੈ।

ਫੁੱਲ ਹਾਲੇ ਵੀ ਕੁਝ ਖਿੜੇ ਹੋਏ ਨੇ 

ਜ਼ਿੰਦਗਾਨੀ ਦੀ ਟਾਹਣ ਦੇ ਉੱਤੇ। 

ਬੀਤ ਚੁੱਕੇ ਸਮੇਂ ਦੇ ਕੁਝ ਪਲ ਨੇ 

ਜੋ ਅਜੇ ਤਕ ਵੀ ਬੀਤ ਨਹੀਂ ਸਕੇ।

ਪਤਝੜਾਂ ਕਿੰਨੀਆਂ ਹੀ ਜ਼ਾਬਰ ਨੇ, 

ਫੁਲ ਕੁਝ ਪਤਝੜਾਂ ਤੋਂ ਨਾਬਰ ਨੇ।

ਧੁੰਦ ਵਾਕਣ ਭਵਿੱਖ ਛਾਇਆ ਹੈ 

ਨਕਸ਼ ਬਣਦੇ ਤੇ ਰੰਗ ਭਰਦੇ ਨੇ। 

ਰੰਗ ਉਡਦੇ ਤੇ ਨਕਸ਼ ਮਿਟ ਜਾਂਦੇ 

ਖ਼ਾਬ ਢਹਿ ਢਹਿ ਕੇ ਫਿਰ ਉਸਰਦੇ ਨੇ।

ਸੂਰਜਾਂ ਦੀ ਤਪਸ਼ ਨੂੰ ਕੀ ਕਰੀਏ, 

ਕਿਸ ਅਰਥ ਸਾਗਰਾਂ ਦਾ ਇਹ ਪਾਣੀ, 

ਸੱਖਣੇ ਬਦਲੀਆਂ ਤੋਂ ਜੇ ਅੰਬਰ 

ਜਿੰਦ ਨੇ ਜੇ ਬਹਾਰ ਨਾ ਮਾਣੀ।

ਵਸੀਲਿਆਂ ਦਾ ਕੀ ਕਾਲ ਹੈ ਮੈਨੂੰ। 

ਪਰ ਸੁਰਗ ਦੀ ਭਾਲ ਹੈ ਮੈਨੂੰ।

📝 ਸੋਧ ਲਈ ਭੇਜੋ