ਪਿਛੋਂ ਲਖ ਪਰਵਾਨੇ ਆਕੇ ਹੁਸਨ ਮੇਰੇ ਤੇ ਮਰਦੇ
ਲਾਟ ਮੇਰੀ ਦੇ ਕਹਿਰ ਗ਼ਜ਼ਬ ਤੋਂ ਨਾ ਓ ਬੇਖੁਦ ਡਰਦੇ
ਲਖਾਂ ਜਲ ਬਲ ਕੋਲੇ ਹੋ ਗਏ ਕੀ ਮੈਂ ਹਾਲ ਸੁਣਾਵਾਂ
ਦੇਖੋ ਮੇਰੇ ਇਸ਼ਕ ਸਿਦਕ ਨੂੰ ਮੈਂ ਓਵੇਂ ਜਲਦੀ ਜਾਵਾਂ
ਇਕ ਪਰਵਾਨਾ ਜਲ ਬਲ ਬੁਝਦਾ ਕੋਲੇ ਹੋਕੇ ਮਰਦਾ
ਮੈਂ ਜਲਦੀ ਅਜੇ ਤੀਕ ਨ ਬੁਝਦੀ ਤੂ ਕੁਛ ਇਨਸਾਫ ਨਾ ਕਰਦਾ
ਰੋਜ਼ ਹਜ਼ਰ ਨੂੰ ਸਾਹਿਬ ਅਗੇ ਇਹ ਫਰਯਾਦ ਸੁਣਾਵਾਂ
ਤਦੋਂ ਜਲਾਵਾਂ ਗੈਰਾਂ ਤਾਈਂ ਪਹਿਲੇ ਅਪਨਾ ਆਪ ਜਲਾਵਾਂ
ਹਸ਼ਮਤ ਸ਼ਾਹ ਵਿਚ ਸੋਜ਼ ਗ਼ਮਾਂ ਦੇ ਮੈਨੂੰ ਚੈਨ ਨਾ ਭਾਵੇ
ਤਨ ਮੇਰੇ ਦੀ ਲਾਟ ਬਿਰਹੋਂ ਚੋਂ ਇਹ ਅਵਾਜ਼ ਪਈ ਆਵੇ
ਕਯਾ
ਸਾਨੂੰ ਕਦੋਂ ਤਾਈਂ ਸੋਹਣਿਆਂ ਸਤਾਈ ਜਾਵੇਂਗਾ
ਦੁਖੀ ਜਾਨ ਉਤੇ ਠੋਕਰਾਂ ਲਗਾਈ ਜਾਵੇਂਗਾ
ਗਏ ਦੁਖ ਲਾਈ ਪਰੀਤ ਸੀ ਆਰਾਮ ਬਦਲੇ
ਕਦ ਤਾਈਂ ਗ਼ੈਰਾਂ ਦੇ ਦਵਾਰੇ ਤੇ ਰੁਲਾਈ ਜਾਵੇਂਗਾ
ਜੇਹੜੇ ਕਰਦੇ ਮੈਨੂੰ ਯਾਦ ਉਹ ਖੁਸ਼ਹਾਲ ਵਸਦੇ
ਸਾਨੂੰ ਕਦਮਾਂ ਤੇ ਡਿਗਦੀਆਂ ਨੂੰ ਤੜਫਾਈ ਜਾਵੇਂਗਾ
ਤਕਲਤੂਰ ਦਾ ਅਰਸ਼ਾਦ ਦਿਲ ਦੇ ਵਿਚ ਸੋਚ ਲਾ
ਕਦ ਤਾਈਂ ਵਸਦੀਆਂ ਦੇ ਨਾਮ ਤੂ ਮਟਾਈ ਜਾਵੇਂਗਾ
ਹਸ਼ਮਤ ਸ਼ਾਹ ਬੈਠਾ ਦਿਲ ਵਿਚ ਤੇਰੀ ਆਸ ਤਕ ਕੇ
ਕਦ ਤਾਈਂ ਮੀਮ ਵਿਚ ਮੁਖੜਾ ਛੁਪਾਈ ਜਾਵੇਂਗਾ