ਹਥ ਨਾਲ ਲਾਵੇਂ ਘੜੀ ਸੋਹਣੀ ਚੈਨ ਵਾਲੀ ਤੂੰ
ਖਬਰ ਦੇਵੇ ਜੇਹੜੀ ਘੜੀ ਪਲ ਪਲ ਦੀ ਘੜੀ
ਪੰਜ ਤਤ ਵਾਲੀ ਘੜੀ ਝਟ ਟੁਟ ਜਾਂਵਦੀ
ਪੰਜ ਸਤ ਦੀ ਹਮੇਸ਼ਾ ਰਹੇ ਚਲਦੀ ਘੜੀ
ਕਾਰੀਗਰ ਐਸਾ ਦਿਲ ਘੜੀਸਾਜ਼ ਦਾ ਹੋਵੇ
ਜੇਹੜਾ ਵਾਕਫ ਘੜੀ ਵਾਲੇ ਰਾਜ਼ ਦਾ ਹੋਵੇ
ਘੜੀ ਘੜੀ ਵਿਚ ਵਕਤ ਨਮਾਜ਼ ਦਾ ਹੋਵੇ
ਲਵੇਂ ਦੇਖਕੇ ਖਰੀਦ ਐਸਾ ਦਿਲ ਦੀ ਘੜੀ
ਘੜੀ ਘੜੀ ਮੇਰੀ ਜਾਨ ਨੂੰ ਅਜ਼ਾਬ ਦਿਤਾ ਸੀ
ਭਰਕੇ ਸਾਕੀ ਨੇ ਨਾ ਜਾਮੇ ਸ਼ਰਾਬ ਦਿਤਾ ਸੀ
ਜਿਸ ਘੜੀ ਮੈਨੂੰ ਵਸਲ ਦਾ ਜਵਾਬ ਦਿਤਾ ਸੀ
ਕਰ ਲੈ ਯਾਦ ਉਹੋ ਸੋਹਣਿਆਂ ਤੂ ਕਲ ਦੀ ਘੜੀ
ਖ਼ੂਨੀ ਘੜੀ ਜਦ ਹਥ ਨਾਲ ਲਗ ਜਾਂਵਦੀ
ਘੜੀ ਘੜੀ ਜਾਣਕੇ ਫਤੂਰ ਪਾਂਵਦੀ
ਘੜੀ ਘੜੀ ਪਿਛੋਂ ਮੈਨੂੰ ਉਹੋ ਯਾਦ ਆਂਵਦੀ
ਤਬਰੇਜ਼ ਵਾਲੀ ਜੇਹੜੀ ਫੁਟੀ ਖਲਦੀ ਘੜੀ
ਜਦੋਂ ਘੜੀ ਤਾਈਂ ਚਾਬੀ ਦਾ ਜ਼ਹੂਰ ਦਿਤਾ ਸੀ
ਘੜੀ ਘੜੀ ਵਿਚ ਚੈਨ ਕਰ ਚੂਰ ਦਿਤਾ ਸੀ
ਜਿਸ ਘੜੀ ਵਿਚ ਸੂਲੀ ਮਨਸੂਰ ਦਿਤਾ ਸੀ
ਘੜੀ ਘੜੀ ਯਾਦ ਆਵੇ ਓਸ ਗਲ ਦੀ ਘੜੀ
ਘੜੀ ਚਲ ਪਈ ਤੇ ਘੜੀ ਵਾਲੇ ਭੇਤ ਖੋਲਦੀ
ਐਵੇਂ ਚਕ ਨਾ ਫਤੂਰ ਟਿਕ ਟਿਕ ਬੋਲਦੀ
ਘੜੀ ਘੜੀ ਪਿਛੋਂ ਕਹਿੰਦੀ ਤੇ ਪਈ ਡੋਲਦੀ
ਹਸ਼ਮਤ ਸ਼ਾਹ ਸਿਰੋਂ ਆਈ ਨਹੀਂ ਟਲਦੀ ਘੜੀ