ਇਸ ਚਰਖ਼-ਜ਼ਿਮੀਂ ਨੂੰ ਤੋੜ ਦਿਉ।
ਮੈਨੂੰ ਖੇਡਣ ਲਈ ਕੁਝ ਹੋਰ ਦਿਉ।
ਨ ਜਾਣ ਸਕੀ ਨ ਮਾਣ ਸਕੀ
ਮੈਨੂੰ ਬਾਹੀਂ ਲੱਖ-ਕਰੋੜ ਦਿਉ।
ਇਹ ਕੁਫਰ ਅੱਲਾ ਦਾ ਸਿਰ ਤੋੜੂ
ਇਹ ਕੂਕ ਅੰਬਰ ਤੋਂ ਮੋੜ ਦਿਉ।
ਇਹ ਸਬਕ ਰਜ਼ਾ ਦਾ ਛੋੜ ਦਿਉ,
ਇਹ ਘੜਾ ਸਬਰ ਦਾ ਫੋੜ ਦਿਉ।
ਦੋ ਜਗ ਦੀ ਮੱਦ ਮੈਂ ਪੀ ਬੈਠਾ
ਜ਼ਰਾ ਨਾਲ ਸੂਲੀਆਂ ਜੋੜ ਦਿਉ।
ਔਹ ਪਾਕ ਮੰਜ਼ਲ ਤੇ ਅੱਲਾ ਹੈ,
ਉਸ ਮੰਜ਼ਲ ਦਾ ਸਿਰ ਫੋੜ ਦਿਉ।
ਇਸ ਥਲ ਵਿਚ ਨਹੀਂ ਜਨੂੰਨ ਰਿਹਾ
ਜ਼ਰਾ ਸ਼ਾਹ ਸਵਾਰ ਤਾਂ ਹੋਰ ਦਿਉ।
ਇਹਦੇ ਨਾਜ਼ ਰਹੇ ਨ ਅੱਥਰੇ ਉਹ
ਕੋਈ ਹੋਰ ਦਿਲਾਂ ਦਾ ਚੋਰ ਦਿਉ।
ਔਹ ਖ਼ੂਨ ਮੁਜਾਹਿਦ ਤੂਰ ਭਖੇ
ਫੜ ਮੂਸਾ ਦੀ ਗਸ਼ ਤੋੜ ਦਿਉ।
ਹਰ ਰਣ ਦੀ ਆਪਣੀ 'ਵਾਜ ਹਈ
ਜੋ ਤੁਰਦਾ ਉਸ ਨੂੰ ਤੋਰ ਦਿਉ।