ਕਾਗ਼ਜ਼ ਦੇ ਫੁੱਲਾਂ ਨੂੰ ਅਤਰ ਦਾ ਫੰਭਾ ਲਾਈਏ,
ਇਸ ਮੌਸਮ ਵਿਚ ਏਦਾਂ ਹੀ ਕਮਰਾ ਮਹਿਕਾਈਏ।
ਕੈਸੇ ਸ਼ੀਸ਼-ਮਹਲ ਵਿਚ ਕੀਤਾ ਕੈਦ ਅਸਾਨੂੰ,
ਅਕਸ ਪਕੜਦੇ ਕੰਧਾਂ ਤੋਂ ਮੱਥੇ ਭਨਵਾਈਏ।
ਕੀ ਪੁੱਛਦੇ ਹੋ ਹਾਲ ਤਕਾਲੀਂ ਹਾਰੇ ਹੁੱਟੇ,
ਥੱਕੇ ਟੁੱਟੇ ਜਿਸਮ ਘਸੀਟ ਘਰੀਂ ਲੈ ਜਾਈਏ।
ਰਾਹ ਦੀ ਰੌਣਕ ਵਿਚ ਉਲਝ ਕੇ ਭੁੱਲ ਬੈਠੇ ਹਾਂ,
ਘਰੋਂ ਤੁਰੇ ਸੀ ਬਨ੍ਹ ਕੇ ਕਿਸ ਮੰਜ਼ਿਲ ਦੇ ਦਾਈਏ।
ਦਿਲ ਵਿਚ ਕੰਡਿਆਂ ਵਾਂਗੂੰ ਚੁਭਣ ਤੇਰੀਆਂ ਗੱਲਾਂ
ਫੁੱਲਾਂ ਵਾਂਗੂੰ ਚੁਪ ਚਾਪ ਸੁਣੀਏ ਮੁਸਕਾਈਏ।
ਵਕਤ ਦੇ ਪੈਰਾਂ ਹੇਠ ਨਾ ਵਿਛੀਏ ਸੜਕਾਂ ਵਾਂਗੂੰ,
ਗੜ੍ਹਕਦਿਆਂ ਬੱਦਲਾਂ ਦੇ ਵਾਂਗੂੰ ਸਿਰ 'ਤੇ ਛਾਈਏ।