ਮੇਰੀ ਕਲਮ ਦਾ ਦਰਦ ਕਾਗਜ਼ਾਂ 'ਤੇ ਡਿੱਗਿਆ,
ਤੇ ਮੇਰੇ ਗੀਤ ਬਣ ਗਏ।
ਹਾਲ ਦੇਖ ਮੇਰਾ ਰੋਂਦੇ ਨੇ ਹੰਝੂ,
ਤੇ ਮੇਰੇ ਮੀਤ ਬਣ ਗਏ।
ਨੀਂਦਰਾਂ ਉਡਾ ਕੇ ਲੈ ਗਿਓਂ ਰਾਤਾਂ ਦੀਆਂ,
ਦਿਨਾਂ ਦਾ ਚੈਨ ਕਿੱਥੇ ਗੁੰਮ ਹੋ ਗਿਆ।
ਅੱਜ ਖੁਸ਼ੀਆਂ ਵੀ ਮੈਨੂੰ ਦਰਦ ਜਾਪਣ,
ਸਾਡੀ ਬੁੱਲ੍ਹੀਆਂ ਦਾ ਹਾਸਾ ਕਿੱਥੇ ਗੁੰਮ ਹੋ ਗਿਆ।
ਗ਼ਮਾਂ ਵਾਲੀ ਰਾਤ ਬਿਰਹੇ ਦਾ ਦਰਦ ਹੰਢਾਏ,
ਨੈਣੀਂ ਭਰ-ਭਰ ਝੀਲ ਬਹਾਰ ਹੋਈ।
ਲੰਘੇ ਨਾ ਇੱਕ ਪਲ ਤੈਨੂੰ ਯਾਦ ਕੀਤੇ ਬਿਨ੍ਹ,
ਮਿੱਟੀ ਦੇ ਬੁੱਤ ਵਿੱਚ ਬਹਿ ਰੂਹ ਹੋਈ।
ਤੇਰੇ ਦਿਲ ਦੀ ਕਿਤਾਬ ਨਾ ਪੜ੍ਹ ਹੋਈ,
ਸ਼ੈਰੀ ਬਣਿਆ ਫਿਰਦਾ ਲਿਖਾਰੀ ਜੋ।
ਮੰਗ ਮੰਗ ਲਫ਼ਜ਼ ਉਹ ਉਧਾਰੇ ਲਿਖੇ,
ਜਾਪੇ ਦੁਨੀਆਂ ਨੂੰ ਭਿਖਾਰੀ ਉਹ।
ਲੰਘ ਹੋਇਆ ਨਾ ਦਰਿਆ ਇਸ਼ਕ ਵਾਲਾ,
ਬਣ ਸੋਹਣੀ ਬਹਿ ਗਿਓਂ ਸਦਰਾਂ 'ਚ।
ਹਸ਼ਰ ਕੀਤਾ ਜੋ ਤੂੰ ਮੇਰੇ ਪਿਆਰ ਦਾ,
ਕਿੰਝ ਬਿਆਨ ਕਰਾਂ ਮੈਂ ਸਤਰਾਂ 'ਚ।
ਮਾਰੂਥਲ ਵਿੱਚ ਗੁੰਮ ਹੋਈ ਮੇਰੀ ਰੂਹ,
ਬਹਿ ਇਕੱਲਿਆਂ ਆਪਣੇ ਮੈਂ ਰੋਗ ਨਾਪਣੇ।
ਕਾਹਦਾ ਲਿਖਾਰੀ ਜੇ ਕਲਾਮ ਨਾ ਲਿਖਿਆ ਗਿਆ,
ਤੂੰ ਲਿਖੇ ਸਿਰਫ਼ ਜਜ਼ਬਾਤ ਆਪਣੇ।