ਕਾਹਦੀ ਤੰਦ ਤੇ ਕਾਹਦੀ

ਕਾਹਦੀ ਤੰਦ ਤੇ ਕਾਹਦੀ ਤਾਣੀ

ਜਦ ਨਾ ਮਿਲਿਆ ਦਿਲ ਦਾ ਹਾਣੀ।

ਸਜਣਾ ਮੁੱਖੋਂ ਫੁੱਲ ਕਿਰਦੇ ਸਨ

ਦਿਲ ਚੀਰਨ ਜਦ ਬੋਲਣ ਬਾਣੀ।

ਸਾਰੇ ਭਖਦੇ ਸੂਰਜ ਜਾਪਣ

ਕਿਸਨੇ ਸਾਡੀ ਪਿਆਸ ਬੁਝਾਣੀ।

ਆਸ ਵਫ਼ਾ ਦੀ ਭੋਲ਼ਿਆ ਨਾ ਕਰ

ਖ਼ੁਦਗਰਜ਼ਾਂ ਦੀ ਸਾਰੀ ਢਾਣੀ।

ਭੁੱਲ ਪ੍ਰੀਤਾਂ ਕੌਲ ਕਰਾਰਾਂ

ਬਹਿਗੀ ਡੋਲੀ ਬਣ ਪਟਰਾਣੀ।

ਫੁੱਲ ਬੂਟੇ ਪੰਛੀ ਤਿਰਹਾਏ

ਚਾਰ ਚੁਫੇਰੇ ਸੁੱਕਿਆ ਪਾਣੀ।

ਤਾਰੇ ਗਿਣ ਗਿਣ ਚੰਨ ਗਵਾਇਆ

ਮਾਹੀ ਦੀ ਮੈਂ ਕਦਰ ਨਾ ਜਾਣੀ।

ਜੀਵਨ ਭਰ ਦਾ ਸਾਥ ਰਿਹਾ ਪਰ

ਸਾਗਰ ਵਿਚ ਨਾ ਮਿਲਿਆ ਪਾਣੀ।

ਉਮਰਾਂ ਭਰ ਦੀਆਂ ਕਸਮਾਂ ਖਾ ਕੇ

ਪੰਛੀ ਬੈਠਾ ਦੂਜੀ ਟਾਹਣੀ।

ਯਾਦਾਂ ਦੇ ਡੰਗ ਮੁੜ ਮੁੜ ਡਸਦੇ

ਔਖੀ ਹੁੰਦੀ ਪ੍ਰੀਤ ਨਿਭਾਣੀ।

‘ਉੱਪਲ’ ਸੱਚੀ ਪ੍ਰੀਤ ਜੋ ਕਰਦੇ

ਰੰਗ ਖ਼ੁਦਾਏ ਰੱਤੇ ਜਾਣੀ।

📝 ਸੋਧ ਲਈ ਭੇਜੋ