ਕਾਹਨੂੰ ਦਿਲ ਵਿਚ ਦਰਦ

ਕਾਹਨੂੰ ਦਿਲ ਵਿਚ ਦਰਦ ਵਸਾਇਆ ਪੁੱਛਾਂਗੇ ।

ਜੇ ਉਹ ਜ਼ਾਲਮ ਪਰਤ ਕੇ ਆਇਆ ਪੁੱਛਾਂਗੇ ।

ਕਿਹੜਾ ਜਾਨ ਤਲੀ ਤੇ ਲੈ ਕੇ ਟੁਰਿਆ ਸੀ,

ਮੰਜ਼ਿਲ ਕਿਸ ਨੂੰ ਸੀਨੇ ਲਾਇਆ ਪੁੱਛਾਂਗੇ ।

ਭੁੱਖ ਦੀ ਦੌਲਤ ਵੰਡੀ ਕੀਹਨੇ ਚਾਰ-ਚੁਫ਼ੇਰ,

ਕੀਹਨੇ ਆਪਣਾ ਆਪ ਰਜਾਇਆ ਪੁੱਛਾਂਗੇ ।

ਜਿਸ ਵੇਲੇ ਸੀ ਨ੍ਹੇਰਾ ਸਾਡੇ ਆਲ-ਦੁਆਲ,

ਕਿੱਥੇ ਸੀ ਉਸ ਵੇਲੇ ਸਾਇਆ ਪੁੱਛਾਂਗੇ ।

ਕੀਹਨੇ ਪਹਿਰੇ ਲਾਏ ਸਭ ਦੀਆਂ ਸੋਚਾਂ ਤੇ,

ਕੀਹਨੇ ਹੋਠਾਂ ਨੂੰ ਪਥਰਾਇਆ ਪੁੱਛਾਂਗੇ ।

'ਸ਼ਾਹਿਦ' ਕਿਉਂ ਨਹੀਂ ਦਿੱਤਾ ਧੀ ਨੂੰ ਭਰਵਾਂ ਦਾਜ,

ਕਿਉਂ ਨਹੀਂ ਆਪਣਾ ਫ਼ਰਜ਼ ਨਿਭਾਇਆ ਪੁੱਛਾਂਗੇ ।

📝 ਸੋਧ ਲਈ ਭੇਜੋ