ਕਈ ਚੰਬੇ ਕਈ ਡਾਰ ਹਵਾ ਦੇ ਬੁੱਲਿਆਂ ਨੂੰ
ਰੁਲ਼ ਗਏ ਕਰ ਕੇ ਪਿਆਰ ਹਵਾ ਦੇ ਬੁੱਲਿਆਂ ਨੂੰ
ਸਿਖਰ ਦੁਪਹਿਰੀਂ ਆਕੇ ਜੇਠ ਮਹੀਨੇ ਵੀ
ਤੂੰ ਦਿੰਦਾ ਸੈਂ ਠਾਰ ਹਵਾ ਦੇ ਬੁੱਲਿਆਂ ਨੂੰ
ਟਾਹਲ਼ੀ ਵਾਲ਼ੇ ਖੂਹ ਤੇ ਓਹਲੇ ਪਿੱਪਲਾਂ ਦੇ
ਮਿਲਿਆ ਸਾਂ ਕਈ ਵਾਰ ਹਵਾ ਦੇ ਬੁੱਲਿਆਂ ਨੂੰ
ਅੱਜ ਸੱਜਣਾਂ ਦੇ ਸਾਹ ਕਲੇਜਾ ਠਾਰਨਗੇ
ਅੱਜ ਤੂੰ ਗੋਲ਼ੀ ਮਾਰ ਹਵਾ ਦੇ ਬੁੱਲਿਆਂ ਨੂੰ
ਬਾਂਕੇ ਸੱਪ ਦੀ ਟੋਰ ਨਈਂ ਭੁੱਲੀ ਹੋਵੇਗੀ
ਹਾਲੇ ਵੀ ਦੋ ਚਾਰ ਹਵਾ ਦੇ ਬੁੱਲਿਆਂ ਨੂੰ
ਏਨੀ ਗੱਲ ਨਾ ਸਮਝੀ ਪਾਗਲ ਅੱਖੀਆਂ ਨੇ
ਬੱਦਲਾਂ ਦਾ ਕੀ ਭਾਰ ਹਵਾ ਦੇ ਬੁੱਲਿਆਂ ਨੂੰ
‘ਸੰਧੂ’ ਭਾਵੇਂ ਤੀਲਾ ਤੀਲਾ ਹੋ ਗਏ ਆਂ
ਛੱਡਿਆ ਨਈਂ ਵਿਚਕਾਰ ਹਵਾ ਦੇ ਬੁੱਲਿਆਂ ਨੂੰ