ਇਹ ਮੈਂ ਕਿਸ ਬੰਧਨ ਵਿਚ ਫੱਸਿਆਂ !

ਝੰਜਟ ਕਿਹਾ ਸਹੇੜ ਲਿਆ ਹੈ? 

ਐਹ ਨਹੀਂ ਕਰਨਾ,

ਇਹ ਨਹੀਂ ਕਹਿਣਾ।

ਇੰਜ ਨਹੀਂ ਖੜ੍ਹਨਾ, 

ਇੰਜ ਨਹੀਂ ਬਹਿਣਾ।

ਕੀ ਆਖਾਂ ਇਹ ਦਿਲ ਕੀ ਚਾਹੁੰਦਾ 

ਰਾਤ ਦਿਨੇ ਮੈਂ ਤਾਂ ਇਹ ਸੋਚਾਂ 

ਕੀ ਕਿਸ ਕਿਸ ਨੂੰ ਚੰਗਾ ਲਗਦਾ 

ਕੀ ਕੀ ਜਗ ਦੇ ਜੀ ਨਹੀਂ ਭਾਉਂਦਾ।

ਇਹ ਮੈਂ ਕਿਸ ਬੰਧਨ ਵਿਚ ਫੱਸਿਆ 

ਝੰਜਟ ਕਿਹਾ ਸਹੇੜ ਲਿਆ ਹੈ? 

ਆਪਣਾ ਬੰਦੀਖ਼ਾਨਾ ਆਪ ਬਣਾਇਆ, 

ਅੰਦਰ ਵੜ ਕੇ ਆਪੇ ਬੂਹਾ ਭੇੜ ਲਿਆ ਹੈ।

ਕੁਝ ਗੱਲਾਂ ਹਨ

ਜੋ ਮੈਂ ਕੇਵਲ ਜਿਗਰੀ ਯਾਰਾਂ ਨੂੰ ਦੱਸੀਆਂ ਨੇ: 

ਐਸੀਆਂ ਵੀ ਕੁਝ ਗੱਲਾਂ ਦਿਲ ਵਿਚ

ਆਪਣੀ ਵੀ ਸੋਝੀ ਤੋਂ ਅਜੇ ਲੁਕਾ ਰੱਖੀਆਂ ਨੇ।

ਮੈਂ ਬੰਦੀਖ਼ਾਨੇ ਵਿਚ ਬੈਠਾ

ਕੋਸਾਂ ਆਪਣੀ ਮਜ਼ਬੂਰੀ ਨੂੰ

ਝੀਤਾਂ ਥਾਣੀ ਬਾਹਰ ਝਾਕਾਂ 

ਮੇਰਾ ਦਰ ਨਹੀਂ ਖੁਲ੍ਹਦਾ, ਆਖਾਂ:

ਏਥੇ ਮੇਰਾ ਦਮ ਘੁਟਦਾ ਹੈ, 

ਦੇਵੋ ਕੁਝ ਸੂਰਜ ਦੀਆਂ ਕਿਰਨਾਂ 

ਦੇਵੋ ਇਕ ਹਵਾ ਦਾ ਰੁਮਕਾ।

ਮੈਂ ਉਹ ਜੀਵ ਹਾਂ ਏਸ ਸਮੇਂ ਦੇ ਜਲ ਦਾ, 

ਆਪੇ ਜਿਸ ਨੇ ਆਪਣੇ ਗਿਰਦ ਬਣਾਇਆ ਘੋਗਾ, 

ਤੇ ਹੁਣ ਬਾਹਰ ਨਾ ਆਵਣ ਜੋਗਾ।

📝 ਸੋਧ ਲਈ ਭੇਜੋ