ਕੈਸ ਨੂੰ ਤੜਫਾਉਂਦਾ

ਲੈਲਾ ਵਿਚ ਜੇਹੜਾ ਕੈਸ ਨੂੰ ਤੜਫਾਉਂਦਾ ਕੌਣ ਸੀ 

ਸ਼ੀਰੀਂ ਵਿਚ ਝਲਕ ਹੁਸਨ ਦੀ ਦਖਾਉਂਦਾ ਕੌਣ ਸੀ 

ਮਿਲਿਆ ਯਾਰ ਨੂੰ ਮਅਰਾਜ 'ਚ ਨਕਾਬ ਚਕ ਕੇ 

ਜਲਵੇ ਨਾਲ ਜੇਹੜਾ ਤੂਰ ਨੂੰ ਜਲਾਉਂਦਾ ਕੌਣ ਸੀ 

ਅਨਲਹੱਕ ਦਾ ਮਨਸੂਰ ਤਾਈਂ ਨਾਮ ਦਸ ਕੇ

ਪਿਛੋਂ ਸੂਲੀ ਵਾਲੀ ਨੋਕ ਤੇ ਲਟਕਾਉਂਦਾ ਕੌਣ ਸੀ 

ਨਹੀਂ ਆਕਾ ਉਤੇ ਕੋਈ ਹੁਕਮ ਗ਼ੁਲਾਮ ਦਾ

ਸ਼ਮਸ ਬਣਕੇ ਕੁੰਮਿ ਬਾਜ਼ਿਨੀ ਫਰਮਾਉਂਦਾ ਕੌਣ ਸੀ 

ਸਜਦਾ ਜਾਇਜ਼ ਨਹੀਂ ਬੰਦੇ ਨੂੰ ਸੀ ਫ਼ਰਮਾਨ ਹਕ ਦਾ 

ਆਦਮ ਵਿਚ ਜੇਹੜਾ ਨੂਰ ਚਮਕਾਲਾ ਪਾਉਂਦਾ ਕੌਣ ਸੀ 

ਚੰਦ ਸੂਰਜ ਕੋਲੋਂ ਪਹਿਲੇ ਸਜਦੇ ਕਰਾਇਕੇ 

ਅਟੀ ਵਟੇ ਮਿਸਰੇ ਯੂਸਫ ਨੂੰ ਵਿਕਾਉਂਦਾ ਕੌਣ ਸੀ 

ਭੇਜੀਏ ਅਰਸ਼ਾਂ ਉਤੋਂ ਹਰਨੀ ਪਹਿਲੇ ਨਾਜ਼ ਮੰਨ ਦਾ 

ਤੇਗ਼ ਹਲਕ ਤੇ ਹੁਸੈਨ ਦੇ ਚਲਾਉਂਦਾ ਕੌਣ ਸੀ 

ਹਸ਼ਮਤ ਸ਼ਾਹ ਹੈ ਕੁਰਬਾਨ ਮੁਸਤਫ਼ਾ ਰਸੂਲ ਤੇ 

ਅਹਿਮਦ ਬਣਕੇ ਜੇਹੜਾ ਮੁਖੜਾ ਛੁਪਾਉਂਦਾ ਕੌਣ ਸੀ

📝 ਸੋਧ ਲਈ ਭੇਜੋ