ਕਲਮ ਕਾਗਜ਼ ਨੂੰ ਮੂੰਹ ਲਾਇਆ

 ਕਲਮ ਕਾਗਜ਼ ਨੂੰ ਜਦ ਦਾ ਮੂੰਹ ਲਾਇਆ।

 ਕਦਰ ਕਾਗਜ਼ ਦੀ ਕਲਮ ਦੇ ਨਾਲ਼ ਹੋਈ।

 ਫੱਟੀ-ਗਾਚਨੀ ਸੀ ਪਈਆਂ ਦੁੱਖ ਫੋਲਣ,

 ਚਿੱਟਾ ਵੇਖ ਕਾਗਜ਼ ਕਲਮ ਦਿਲ ਖੋਈ।

 ਕਾਨੇ ਆਖਿਆ ਕਲਮ ਨਾ ਬੋਲੋ ਮੰਦਾ।

 ਪੁੱਛੋ ਸਾਡੇ ਨਾਲ਼ ਜੱਗੋਂ ਬਾਹਰੀ ਜੋ ਹੋਈ।

 ਕਲਮ ਮੇਰੀ ਵੀ ਹੁਣ ਨਹੀਂ ਲੋਕ ਘੜਦੇ

 ਪੈੱਨ ਗਏ ਕਲਮ ਨਾ ਫੜੇ ਕੋਈ।

 ਬੋਲੀ ਦਵਾਤ ਕਿਉਂ ਦੁੱਖੜੇ ਛੇੜ ਬੈਠੇ।

 ਢੋਲ ਦੂਰ ਵੱਜਣ ਲੱਗੇ ਸੁਖੀ ਸੋਈ।

 ਨਸ਼ਾ ਕਰ ਸਿਆਹੀ ਲਿਖਦੀ ਸੀ ਗਾਣੇ।

 ਢੱਕਣ ਖੋਲ ਕੇ ਪੀਂਵਦੀ ਸੀ ਮੋਈ।

 ਕਲਮ ਸੁਣ ਕੇ ਚੰਗੇ ਮੰਦੇ ਸਭ ਤਾਹਨੇ।

 ਦੁੱਖ ਵੇਖ ਸ਼ਰੀਕੇ ਵਿੱਚ ਖਲੋਈ।

 ਕੀ-ਬੋਰਡ ਪ੍ਰਿੰਟਰਾਂ ਦੀ ਮੈਂ ਮਾਰੀ।

 ਦੁੱਖ ਸਮੇਟ ਲੁਕ-ਲੁਕ ਜਾਵਾਂ ਰੋਈ।

 ਦੁੱਖ ਸੁਣ ਸਰਬ ਦੋਵੇਂ ਹੱਥ ਅੱਡੇ।

 ਹੱਥ ਜੋੜ ਫੇਰ ਕਰਤੀ ਅਰਜੋਈ।

 ਕਾਇਨਾਤ ਦੇ ਰਾਜਿਆ ਬਖ਼ਸ਼ ਕਲਮਾਂ।

 ਸ਼ਾਇਰੀ ਜਾਂਦੀ ਕਲਮ ਦੇ ਬਾਝੋਂ ਰੋਈ।

📝 ਸੋਧ ਲਈ ਭੇਜੋ