ਮੇਰੀ ਹਰਫਾਂ ਸੰਗ ਦੋਸਤੀ, ਮੇਰੀ ਕਲਮ ਮੇਰਾ ਹਥਿਆਰ।
ਕਰ ਚਾਰੇ ਖਾਨੇ ਚਿੱਤ ਦੇਊ, ਜਦ ਕੀਤਾ ਇਹਦੇ ਨਾਲ ਵਾਰ।
ਕਰ ਰੂਹ ਤੱਕ ਦੇਊ ਛੱਲਣੀ, ਫੱਟ ਡੂੰਘੇ ਨਾਲੋਂ ਤਲਵਾਰ।
ਫਿਰ ਰੂਹ ਪਾਊਗੀ ਲਾਹਨਤਾਂ, ਕਿਉਂ ਬਣਿਆ ਧਰਤੀ 'ਤੇ ਭਾਰ।
ਝੂਠ ਬੋਲ ਤੂੰ ਸੱਤਾ ਲੈ ਲਈ, ਮਾਫ ਕਰੂ ਨਾ ਪਰਵਰਦਿਗਾਰ।
ਭਰਾ ਭਰਾ ਦਾ ਵੈਰੀ ਬਣਿਆ, ਕਰ ਨਫਰਤ ਦੀ ਖੜੀ ਦੀਵਾਰ।
ਬਾਹਾਂ ਕੀਤੀਆਂ ਸੁੰਨੀਆਂ, ਜਿੱਥੇ ਚੂੜਾ ਕਰੇ ਛਣਕਾਰ।
ਤੇਰੀ ਪੱਤ ਦੀ ਰਾਖੀ ਕਰਦਿਆਂ, ਝੱਲਿਆ ਵੈਰੀ ਦਾ ਹਰ ਵਾਰ।
ਹੋ ਕੇ ਦੂਣ ਸਵਾਏ ਨਿਕਲੇ, ਤੋੜਿਆ ਦੁਸ਼ਮਣ ਦਾ ਹੰਕਾਰ।
ਕੌਮ ਮੇਰੀ ਦੇ ਝੰਡੇ ਝੂਲਦੇ, ਮੈਨੂੰ ਆਖਣ ਸਭ ਸਰਦਾਰ।
ਮੇਰਾ ਸ਼ਬਦ ਗੁਰੂ ਸੰਗ ਮੇਰੇ, ਬਖਸ਼ਿਆ ਮੇਰੇ ਸਿਰਜਣਹਾਰ।
ਸੱਚ ਕਲਮ ਮੇਰੀ ਨੇ ਲਿਖਣਾ, ਹਮੇਸ਼ਾ ਕਰੇਗੀ ਖ਼ਬਰਦਾਰ।
ਦੇਸ,ਕੌਮ ਦੀ ਸੇਵਾ ਕਰ ਲੈ, ਨਹੀਂ ਤਾਂ ਜੀਊਣਾ ਹੈ ਬੇਕਾਰ।
ਤੇਰੇ ਨਾਲ ਨਾ ਕੁਝ ਜਾਵਣਾ, ਨਹੀਂ ਰਹਿਣੀ ਇਹ ਮੌਜ ਬਹਾਰ।
ਜੋ ਜਾਨ ਦੇਸ ਲਈ ਵਾਰਦੇ, ਚੇਤੇ ਕਰਨ ਲੋਕ ਵਾਰ-ਵਾਰ।
ਪਾ ਜਾਂਦੇ ਅਮਰਪ੍ਰੀਤ ਉਹ, ਕਰਦੇ ਨਾਲ ਦੇਸ ਜੋ ਪਿਆਰ।