ਅੱਜ ਸੋਚਿਆ ਛੱਡ ਕੀ ਲਿਖ਼ਣਾ,
ਤੈਨੂੰ ਕਮਲ਼ੀ ਨੂੰ ਕਿਸ ਪੜ੍ਹਨਾ।
ਰੱਦੀ ਦੇ ਭਾਅ ਵਿਕਣਾ ਇੱਕ ਦਿਨ,
ਜਾਂ ਘੋਲ਼ ਗੱਤਾ ਇਹਦਾ ਬਣਨਾ।
ਮੈਂ ਘਰ ਦੇ ਕੰਮ ਨੂੰ ਲੱਗ ਪਈ,
ਪਾਣੀ ਭਰ ਰਹੀ ਸੀ ਗਾਗਰਾਂ।
ਮੇਰੀ ਕਲਮ ਸਿਆਹੀ ਪੀ ਗਈ,
ਚੜ੍ਹ ਗਈ ਤੇ ਮਾਰੇ ਚਾਂਗਰਾਂ।
ਮੈਂ ਸੁਣ ਕੇ ਭੱਜ ਕੇ ਫੜ ਲਈ,
ਕਰੇ ਹਰਕਤਾਂ ਪਾਗਲਾਂ ਵਾਂਗਰਾਂ।
ਮੈਨੂੰ ਕਹਿੰਦੀ, ਹਟ ਜਾ ਪਿੱਛੇ,
ਤੂੰ ਲਿਖਦੀ ਅਣਟੁੱਟੇ ਕਿੱਸੇ।
ਮੇਰੀਆਂ ਅੱਖੀਆਂ ਨਿੱਤ ਤੂੰ ਕਰਦੀ,
ਹੰਝੂਆਂ ਦੇ ਨਾਲ਼ ਭਾਰੀਆਂ।
ਮੈਂ ਵੀ ਤੇਰੀ ਆਸ਼ਕ ਹੋ ਗਈ,
ਰੱਖ ਚੰਗੀ ਹਾਂ, ਜਾਂ ਮਾੜੀ ਆਂ।
ਮੈਂ ਤੈਨੂੰ ਹੁਣ ਮਰਨ ਨਹੀਂ ਦੇਣਾ,
ਜਿਉਂਦੇ-ਜੀਅ ਵਜਵਾਉਂ ਤਾੜੀਆਂ।
ਦਰਦ ਸਮਝ ਕੇ ਸਰਬ ਨੇ,
ਫਿਰ ਕਲਮ ਹਿੱਕ ਨਾਲ਼ ਲਾਈ।
ਬੜੇ ਅਦਬ ਨਾਲ਼ ਕਲਮ ਨੇ,
ਮੈਥੋਂ ਕਵਿਤਾ ਅੱਜ ਲਿਖਵਾਈ।