ਜਦ ਵੀ ਮੈਂ
ਸ਼ੀਸ਼ੇ ਦੇ ਸਾਹਵੇਂ
ਖੜ੍ਹ ਕੇ ਆਪਣਾ
ਚਿਹਰਾ ਤੱਕਾਂ
ਚਿਹਰੇ ਦੀ ਮੈਂ
ਹਰ ਝੁਰੜੀ 'ਚੋਂ
ਇੱਕ ਅਜੇਹੀ ਕਵਿਤਾ ਲੱਭਾਂ
ਹੱਕ ਸੱਚ ਦੀ
ਆਵਾਜ਼ ਜੋ ਹੋਵੇ
ਸੀਸ ਤਲੀ 'ਤੇ ਧਰ ਪਿਆਰੇ ਨੂੰ
ਮਿਲਣੇ ਦਾ ਅੰਦਾਜ਼ ਜੋ ਹੋਵੇ
ਨਿਰਭਉ ਤੇ ਨਿਰਵੈਰ ਦਾ ਉੱਚਾ
ਮਘਦਾ ਜਿੱਥੇ
ਜਲਾਲ ਵੀ ਹੋਵੇ
ਹਰ ਇੱਕ ਲੋਟੂ ਟੋਲੇ ਮੂਹਰੇ
ਬਣ ਕੇ ਖੜ੍ਹੀ ਸਵਾਲ ਜੋ ਹੋਵੇ।
ਮੈਂ ਚਿਹਰੇ ਦੀ
ਹਰ ਝੁਰੜੀ 'ਚੋਂ
ਇੱਕ ਅਜੇਹੀ ਕਵਿਤਾ ਲੱਭਾਂ
ਪੰਛੀ ਦਾ ਜੋ
ਗੀਤ ਵੀ ਹੋਵੇ
ਕਲ-ਕਲ ਵਹਿੰਦੇ
ਝਰਨੇ ਵਿਚਲੇ
ਪਾਣੀ ਦਾ ਸੰਗੀਤ ਵੀ ਹੋਵੇ
ਸਾਜ਼ ਸੁਰਾਂ ਤੇ
ਸ਼ਬਦਾਂ ਦੇ ਵਿੱਚ
ਵਸਦਾ ਮੇਰਾ ਮੀਤ ਵੀ ਹੋਵੇ।
ਮੈਂ ਚਿਹਰੇ ਦੀ
ਹਰ ਝੁਰੜੀ 'ਚੋਂ
ਇੱਕ ਅਜੇਹੀ
ਕਵਿਤਾ ਲੱਭਾਂ
ਆਮ ਜਿਹੀ
ਪਰ ਖ਼ਾਸ ਵੀ ਹੋਵੇ
ਹੱਸੇ ਕਦੇ
ਉਦਾਸ ਵੀ ਹੋਵੇ
ਅੱਜ ਦੀ ਗੱਲ ਤਾਂ
ਕਰਨੀ ਹੀ ਹੈ
ਕੱਲ੍ਹ ਦਾ ਉਹ
ਇਤਿਹਾਸ ਵੀ ਹੋਵੇ
ਕੱਲ੍ਹ ਨੂੰ ਜਿਹੜੇ
ਕੱਲ੍ਹ ਨੇ ਆਉਣਾ
ਉਸ ਲਈ ਚੰਗੀ
ਆਸ ਵੀ ਹੋਵੇ।
ਮੈਂ ਚਿਹਰੇ ਦੀ
ਹਰ ਝੁਰੜੀ 'ਚੋਂ
ਇੱਕ ਅਜੇਹੀ
ਕਵਿਤਾ ਲੱਭਾਂ
ਜੋ ਬਿਨ ਤੇਰ
ਤੇ ਮੇਰ ਦੇ ਹੋਵੇ
ਰਿਸ਼ਮਾਂ ਵੰਡਦੀ
ਸੋਨ ਸੁਨੱਖੀ
ਵਾਂਗੂੰ ਕਿਸੇ
ਸਵੇਰ ਦੇ ਹੋਵੇ
ਨਾਨਕ ਬਾਣੀ
ਵਰਗੀ ਸਾਂਝੀ
ਪਾਕ-ਪਵਿੱਤਰ
ਹੇਕ ਵੀ ਹੋਵੇ।
ਜੀਵਨ ਦੇ
ਇਸ ਭਵ-ਸਾਗਰ ਵਿੱਚ
ਉਹ ਜੀਵਨ ਲਈ
ਸੇਧ ਵੀ ਹੋਵੇ
ਧੁਨ ਰਬਾਬੀ
ਮੁੱਖ ਮਹਿਤਾਬੀ
ਤੇ ਹੋਵੇ
ਉਹ ਇਨਕਲਾਬੀ ।
ਪਰ ਐਸੀ
ਕਵਿਤਾ ਨਾ ਲੱਭਦੀ
ਸ਼ਾਇਦ ਮੇਰੀ ਹੈ
ਕਲਮ ਨਿਆਣੀ
ਸ਼ਾਇਦ ਮੇਰੀ ਹੈ
ਕਲਮ ਨਿਮਾਣੀ
ਆਸ ਹੈ ਮੈਨੂੰ
ਹੌਲੀ ਹੌਲੀ
ਸਿੱਖ ਜਾਵੇਗੀ
ਕਦੋਂ
ਕਿਵੇਂ ਤੇ ਕਿੱਥੇ ਕਰਨੀ
ਗੱਲ ਸਿਆਣੀ।