ਚੱਲ ਆਪਾਂ ਵੀ ਕਲੰਦਰ ਹੋਈਏ
ਮਸਜਿਦ, ਗਿਰਜੇ, ਮੰਦਰ ਹੋਈਏ
ਤੁਰ ਪਈਏ ਨਾਨਕ ਦੀਆਂ ਪੈੜ੍ਹਾਂ
ਧੂੜ ਮਿੱਟੀ ਰਲ ਅੰਬਰ ਹੋਈਏ
ਚੱਲ ਆਪਾਂ ਵੀ ਕਲੰਦਰ ਹੋਈਏ
ਮਨ 'ਤੇ ਲਿਖੀਆਂ ਆਇਤਾਂ ਪੜ੍ਹੀਏ
ਛੱਡ ਹੋਰਾਂ ਨੂੰ ਖ਼ੁਦ ਨਾਲ ਲੜੀਏ
ਖ਼ੁਦ ਨੂੰ ਜਿੱਤ ਸਿਕੰਦਰ ਹੋਈਏ
ਚੱਲ ਆਪਾਂ ਵੀ ਕਲੰਦਰ ਹੋਈਏ
ਤਿਲਕ, ਜਨੇਊ, ਟੋਪੀਆਂ, ਪੱਗਾਂ
ਸਾਧ ਫ਼ਕੀਰਾਂ ਚੋਰਾਂ-ਠੱਗਾਂ
ਸਭ ਦਿਲਾਂ ਦੇ ਅੰਦਰ ਹੋਈਏ
ਚੱਲ ਆਪਾਂ ਵੀ ਕਲੰਦਰ ਹੋਈਏ
ਆਪਣੇ ਹੱਥੀਂ ਤੋੜ ਜੋ ਸੁੱਟੀਆਂ
ਗੰਢੀਏ ਓਹ ਜੋ ਰਾਹਵਾਂ ਟੁੱਟੀਆਂ
ਲਾਹੌਰ, ਪਿਸ਼ੌਰ, ਜਲੰਧਰ ਹੋਈਏ
ਚੱਲ ਆਪਾਂ ਵੀ ਕਲੰਦਰ ਹੋਈਏ